ਸ੍ਰੀਨਗਰ, 6 ਫ਼ਰਵਰੀ : ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦ ਸਖ਼ਤ ਸੁਰੱਖਿਆ ਵਾਲੇ ਹਸਪਤਾਲ ਵਿਚ ਦਿਨ-ਦਿਹਾੜੇ ਹਮਲਾ ਕਰ ਕੇ ਪਾਕਿਸਤਾਨੀ ਕੈਦੀ ਨੂੰ ਛੁਡਾ ਲੈ ਗਏ। ਇਸ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਮਲੇ ਮਗਰੋਂ ਅਤਿਵਾਦੀ ਸ੍ਰੀਨਗਰ ਦੇ ਭੀੜ ਵਾਲੇ ਇਲਾਕੇ ਦੀਆਂ ਗਲੀਆਂ ਵਿਚੋਂ ਫ਼ਰਾਰ ਹੋ ਗਏ। ਹਮਲੇ ਦੌਰਾਨ 2014 ਵਿਚ ਦਖਣੀ ਕਸ਼ਮੀਰ ਦੇ ਕੁਲਗਾਮ ਤੋਂ ਫੜਿਆ ਗਿਆ ਪਾਕਿਸਤਾਨੀ ਅਤਿਵਾਦੀ ਮੁਹੰਮਦ ਨਵੀਦ ਹਮਲਾਵਰਾਂ ਨਾਲ ਫ਼ਰਾਰ ਹੋ ਗਿਆ। ਉਹ ਲਸ਼ਕਰ ਨਾਲ ਜੁੜਿਆ ਹੋਇਆ ਸੀ। ਅਤਿਵਾਦੀਆਂ ਨੇ ਨਵੀਦ ਉਰਫ਼ ਅਬੂ ਹੰਜਾਲਾ ਨਾਲ ਮੌਜੂਦ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਈਆਂ। ਹਮਲੇ ਵਿਚ ਹੈੱਡ ਕਾਂਸਟੇਬਲ ਮੁਸ਼ਤਾਕ ਅਹਿਮਦ ਅਤੇ ਕਾਂਸਟੇਬਲ ਬਾਬਰ ਅਹਿਮਦ ਮਾਰੇ ਗਏ। ਡੀਜੀਪੀ ਐਸ ਪੀ ਵੈਦ ਨੇ ਕਿਹਾ, 'ਇਹ ਬੇਹੱਦ ਦੁਖਦ ਘਟਨਾ ਹੈ ਅਤੇ ਅਤਿਵਾਦੀ ਅਪਣੇ ਨਾਲ ਇਕ ਸਾਥੀ ਨੂੰ ਫ਼ਰਾਰ ਕਰਵਾਉਣ ਵਿਚ ਸਫ਼ਲ ਰਹੇ। ਅਸੀਂ ਇਸ ਵਾਰਦਾਤ ਵਿਚ ਸ਼ਾਮਲ ਵਿਅਕਤੀਆਂ ਨੂੰ ਫੜਨ ਲਈ ਰੈਡ ਅਲਰਟ ਐਲਾਨ ਦਿਤਾ ਹੈ।' ਕਿਹਾ ਜਾ ਰਿਹਾ ਹੈ ਕਿ ਇਕ ਪੁਲਿਸ ਮੁਲਾਜ਼ਮ ਦੀ ਕਾਰਬਾਇਨ ਰਾਈਫ਼ਲ ਗ਼ਾਇਬ ਹੈ। ਹਮਲੇ ਵਾਲੀ ਥਾਂ ਦਾ ਦੌਰਾ ਕਰਨ ਵਾਲੇ ਪੁਲਿਸ ਅਧਿਕਾਰੀ ਗ਼ੁਲਾਮ ਹਸਨ ਭੱਟ ਨੇ ਕਿਹਾ ਕਿ ਪੁਲਿਸ ਪਾਰਟੀ ਨਵੀਦ ਸਮੇਤ ਛੇ ਅਤਿਵਾਦੀਆਂ ਦੇ ਇਲਾਜ ਲਈ ਹਸਪਤਾਲ ਅੱਗੇ ਪੁੱਜੀ ਸੀ।