'ਮੋਦੀ ਜੀ ਕਿੰਨੇ ਵੀ ਸੁਪਨੇ ਵੇਖ ਲੈਣ, ਯੋਜਨਾਵਾਂ ਜ਼ਮੀਨ 'ਤੇ ਆਏ ਬਿਨਾਂ ਗੱਲ ਨਹੀਂ ਬਣਨੀ'

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 7 ਫ਼ਰਵਰੀ : ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਗੂ ਕਰਨ 'ਤੇ ਨਿਗਰਾਨੀ ਦੀ ਘਾਟ ਦਸਦਿਆਂ ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਦਾ ਲਾਭ ਆਮ ਜਨਤਾ ਨੂੰ ਤਦ ਹੀ ਮਿਲ ਸਕੇਗਾ ਜਦ ਯੋਜਨਾਵਾਂ ਧਰਾਤਲ 'ਤੇ ਆਉਣਗੀਆਂ। ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਸੰਸਦ ਮੈਂਬਰ ਅਨੂਪ ਮਿਸ਼ਰਾ ਨੇ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਕਿਹਾ, 'ਜੇ ਜਵਾਬਦੇਹੀ ਤੈਅ ਨਹੀਂ ਹੋਵੇਗੀ ਤਾਂ ਮੋਦੀ ਜੀ ਕਿੰਨੇ ਹੀ ਸੁਪਨੇ ਵੇਖ ਲੈਣ, ਮੰਤਰੀ ਕਿੰਨੀਆਂ ਹੀ ਚੰਗੀਆਂ ਯੋਜਨਾਵਾਂ ਕਿਉਂ ਨਾ ਲਿਆਉਣ ਪਰ ਧਰਾਤਲ 'ਤੇ ਜੇ ਯੋਜਨਾਵਾਂ ਨਹੀਂ ਆਉਣਗੀਆਂ ਤਾਂ ਆਮ ਜਨਤਾ ਨੂੰ ਇਨ੍ਹਾਂ ਦਾ ਫ਼ਾਇਦਾ ਨਹੀਂ ਮਿਲ ਸਕੇਗਾ। 

ਹਰ ਯੋਜਨਾ ਨਾਲ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।' ਉਨ੍ਹਾਂ ਕਿਹਾ ਕਿ ਐਮਪੀਲੈਡ ਦਾ ਪੈਸਾ ਤਿੰਨ ਸਾਲ ਤਕ ਜਾਰੀ ਨਹੀਂ ਹੋ ਰਿਹਾ। ਇਸ ਦੀ ਜਵਾਬਦੇਹੀ ਕਿਸ ਉਪਰ ਹੋਵੇਗੀ? ਇਸ ਤੋਂ ਪਹਿਲਾਂ ਉਨ੍ਹਾਂ ਕਿਹਾ, 'ਸਾਡੀ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਦੇਸ਼ ਵਿਚ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਪਰ ਕਈ ਰਾਜਾਂ ਵਿਚ ਅਤੇ ਕਈ ਜ਼ਿਲ੍ਹਿਆਂ ਵਿਚ ਇਨ੍ਹਾਂ ਯੋਜਨਾਵਾਂ ਨੂੰ ਮੱਠੀ ਗਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਲਾਭ ਨਹੀਂ ਮਿਲ ਰਿਹਾ।  (ਏਜੰਸੀ)