ਸੰਸਦ ਵਿਚ ਸਵਾਲਾਂ ਦੇ ਜਵਾਬ ਦਿਉ, ਦੋਸ਼ ਨਾ ਲਾਉ : ਰਾਹੁਲ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 7 ਫ਼ਰਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫ਼ੇਲ ਸੌਦੇ, ਕਿਸਾਨਾਂ ਅਤੇ ਰੁਜ਼ਗਾਰ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਨਾਕਿ ਸੰਸਦ ਵਿਚ ਦੋਸ਼ ਲਾਉਣੇ ਚਾਹੀਦੇ ਹਨ। ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਦਾ ਹੈ ਕਿ ਉਹ ਭੁੱਲ ਗਏ ਹਨ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਨਾਕਿ ਵਿਰੋਧੀ ਧਿਰ ਦੇ ਨੇਤਾ।  ਰਾਹੁਲ ਨੇ ਕਿਹਾ, 'ਦੇਸ਼ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛ ਰਿਹਾ ਹੈ ਪਰ ਉਹ ਜਵਾਬ ਨਹੀਂ ਦੇ ਰਹੇ।

 ਇਥੇ ਸੰਸਦ ਵਿਚ ਜਵਾਬ ਦੇਣੇ ਬਣਦੇ ਹਨ ਨਾਕਿ ਦੇਸ਼ ਨੂੰ ਸਵਾਲ ਪੁਛਣੇ।' ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸੇ ਜਨਤਕ ਰੈਲੀ ਵਿਚ ਕਾਂਗਰਸ ਪਾਰਟੀ ਵਿਰੁਧ ਬੋਲ ਸਕਦੇ ਹਨ ਪਰ ਸੰਸਦ ਵਿਚ ਨਹੀਂ ਜਿਥੇ ਉਸ ਨੂੰ ਦੇਸ਼ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬਾਰੇ ਬੋਲਣਾ ਠੀਕ ਹੈ ਪਰ ਇਹ ਗੱਲਾਂ ਕਰਨ ਦੀ ਇਹ ਸਹੀ ਥਾਂ ਨਹੀਂ। ਇਹ ਗੱਲਾਂ ਕਿਸੇ ਰੈਲੀ ਵਿਚ ਹੋ ਸਕਦੀਆਂ ਹਨ।  (ਏਜੰਸੀ)