ਲੁਧਿਆਣਾ 5 ਫ਼ਰਵਰੀ (ਅਮ੍ਰਿਤਪਾਲ ਸਿੰਘ ਸੋਨੂੰ, ਮਨੋਜ਼ ਸ਼ਰਮਾ) : ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਬੀਤੀ ਸੋਮਵਾਰ ਸਵੇਰੇ ਨੂੰ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ 6-7 ਦੇ ਕਰੀਬ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਾਤ ਵਿਚ ਹਸਪਤਾਲ ਭਾਰਤੀ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੰਗਣਵਾਲ ਜੋਗਿੰਦਰ ਸਿੰਘ ਮੁਤਾਬਕ ਮ੍ਰਿਤਕ ਜਗਰੂਪ ਉਮਰ 46 ਸਾਲ ਵਾਸੀ ਪਿੰਡ ਧਰੋੜ ਡੇਹਲੋਂ ਰੋਜ਼ਾਨਾ ਦੀ ਤਰਾਂ ਅਪਣੇ ਪੁੱਤਰ ਗੁਰਜੋਤ ਸਿੰਘ ਨੂੰ ਫੋਕਲ ਪੁਆਇੰਟ ਵਿਖੇ ਜੇ.ਬੀ.ਆਰ ਨਾਮਕ ਫ਼ੈਕਟਰੀ ਛੱਡਣ ਜਾ ਰਿਹਾ ਸੀ।
ਤਾਂ ਇਸ ਦੌਰਾਨ ਸਾਹਨੇਵਾਲ ਸਰਵਿਸ ਰੋਡ ਵਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਸਫੈਦ ਰੰਗ ਦੀ ਬੇਕਾਬੂ ਹੋਈ ਕਾਰ ਮੋਟਰਸਾਈਕਲ ਸਵਾਰਾਂ ਨੂੰ ਘੜੀਸਦੀ ਹੋਈ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਜਾ ਟਕਰਾਈ। ਜਿਸ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਅੱਗ ਲੱਗ ਗਈ ਤੇ ਦੂਸਰੇ ਦੀ ਲੱਤ ਟੁੱਟ ਗਈ। ਇਸ ਹਾਦਸੇ 'ਚ ਕਾਰ ਸਵਾਰ ਲੋਕ ਵੀ ਜ਼ਖਮੀ ਹੋ ਗਏ, ਕਾਰ 'ਚ ਤਿੰਨ ਔਰਤਾਂ, ਦੋ ਬੱਚੇ, ਦੋ ਮਰਦ ਅਤੇ ਡਰਾਈਵਰ ਸਵਾਰ ਸਨ। ਜੋ ਮਥੁਰਾ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਥੇ ਕਿਸੇ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ। ਪੁਲਿਸ ਵਲੋਂ ਕਾਗ਼ਜ਼ੀ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।