ਜਲੰਧਰ, 5 ਫ਼ਰਵਰੀ (ਅਮਰਿੰਦਰ ਸਿੱਧੂ) : ਉਘੇ ਅਕਾਲੀ ਤੇ ਧੜੱਲੇਦਾਰ ਜਥੇਦਾਰ ਅਜੀਤ ਸਿੰਘ ਕੋਹਾੜ (ਸਾਬਕਾ ਕੈਬਨਿਟ ਮੰਤਰੀ) ਦਾ ਦਿਲ ਦਾ ਦੌਰਾ ਪੈਣ ਨਾਲ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਦੇਰ ਸ਼ਾਮ ਉਨ੍ਹਾਂ ਦੀ ਛਾਤੀ ਵਿਚ ਦਰਦ ਹੋਣ ਮਗਰੋਂ ਉਨ੍ਹਾਂ ਨੂੰ ਸ਼ਾਹਕੋਟ ਦੇ ਨਿਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਭੇਜ ਦਿਤਾ। ਜਲੰਧਰ ਦੇ ਪਰੂਥੀ ਹਸਪਤਾਲ 'ਚ ਉਨ੍ਹਾਂ ਦੇਰ ਰਾਤ ਕਰੀਬ 11.30 ਵਜੇ ਆਖ਼ਰੀ ਸਾਹ ਲਿਆ। ਸੂਤਰਾਂ ਮੁਤਾਬਕ ਉਨ੍ਹਾਂ ਦਾ ਅੰਤਮ ਸਸਕਾਰ ਇਕ-ਦੋ ਦਿਨਾਂ ਵਿਚ ਕੀਤਾ ਜਾਵੇਗਾ ਕਿਉਂਕਿ ਕੁੱਝ ਰਿਸ਼ਤੇਦਾਰਾਂ ਨੇ ਵਿਦੇਸ਼ ਤੋਂ ਆਉਣਾ ਹੈ। ਅਪਣੇ ਮਿਲਾਪੜੇ ਸੁਭਾਅ ਸਦਕਾ ਦੁਆਬਾ ਖੇਤਰ 'ਚ ਚੰਗਾ ਸਿਆਸੀ ਆਧਾਰ ਰੱਖਣ ਵਾਲੇ ਅਜੀਤ ਸਿੰਘ ਕੋਹਾੜ ਦੇ ਦੇਹਾਂਤ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।