ਥਰਮਲ ਕਾਮਿਆਂ ਵਲੋਂ ਸਰਕਾਰ ਵਿਰੁਧ ਰੈਲੀ, ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਕਢਿਆ ਗੁੱਸਾ

ਖ਼ਬਰਾਂ, ਪੰਜਾਬ

ਬਠਿੰਡਾ, 5 ਫ਼ਰਵਰੀ (ਸੁਖਜਿੰਦਰ ਮਾਨ) : ਥਰਮਲ ਦੇ ਕੱਚੇ ਮੁਲਾਜ਼ਮਾਂ ਨੇ ਲਿਖਤੀ ਸਮਝੋਤਾ ਨਾ ਕਰਨ ਦੇ ਮਾਮਲੇ 'ਚ  ਪਾਵਰਕੌਮ ਦੀ ਰਹੱਸਮਈ ਚੁੱਪੀ ਨੂੰ ਲੈ ਕੇ ਅੱਜ ਭਰਾਤਰੀ ਜਥੇਬੰਦੀਆਂ ਨਾਲ ਮਿਲਕੇ ਸਰਕਾਰ ਵਿਰੁਧ ਗੁੱਸਾ ਕੱਢਿਆ। ਸਥਾਨਕ ਮਿੰਨੀ ਸਕੱਤਰੇਤ ਅੱਗੇ ਲੱਗੇ ਪੱਕੇ ਮੋਰਚੇ ਦੇ ਅੱਜ 36 ਵੇਂ ਦਿਨ ਇੰਨ੍ਹਾਂ ਕਾਮਿਆਂ ਵਲੋਂ ਸਰਕਾਰ ਵਿਰੁਧ ਭਰਵੀਂ ਰੈਲੀ ਕੀਤੀ ਗਈ, ਜਿੱਥੇ ਵਿਤ ਮੰਤਰੀ ਉਪਰ ਮੁਲਾਜਮਾਂ ਦੀਆਂ ਮੰਗਾਂ ਨਾ ਮੰਨਣ ਦੇ ਵੀ ਦੋਸ਼ ਲਗਾਏ। ਇਸ ਰੈਲੀ ਵਿਚ ਸੰਘਰਸ਼ ਨੂੰ ਭਖਾਉਣ ਲਈ ਮੋਰਚੇ ਨੂੰ ਪੂਰੀ ਦ੍ਰਿੜਤਾ ਦੇ ਨਾਲ ਜਾਰੀ ਰੱਖਣ ਦਾ ਵੀ ਅਹਿਦ ਲਿਆ ਗਿਆ। ਰੈਲੀ ਦੌਰਾਨ ਮੁਲਾਜਮਾਂ ਨੂੰ ਹੱਲਾਸ਼ੇਰੀ ਦੇਣ ਲਈ ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਤੇ ਅਸ਼ਵਨੀ ਘੁੱਦਾ ਸਹਿਤ ਵੱਡੀ ਗਿਣਤੀ 'ਚ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਪੁੱਜੇ ਹੋਏ ਸਨ। ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮਸਲੇ ਦਾ ਹੱਲ ਕਰਨ ਦੀ ਬਜਾਏ ਲਮਕਾ ਰਹੀ ਹੈ।ਇੱਕ ਪਾਸੇ ਪੰਜਾਬ ਦੇ ਵਿੱਤ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਕਿਸੇ ਵੀ ਵਰਕਰ ਨੂੰ ਕੰਮ ਤੋਂ ਹਟਾਇਆਂ ਨਹੀ ਜਾਵੇਗਾ।