ਵਿੱਕੀ ਗੌਂਡਰ ਦੇ ਮਾਰੇ ਜਾਣ ਤੋਂ ਬਾਅਦ ਦਰਜਨ ਗੈਂਗਸਟਰਾਂ 'ਚ ਛਾਇਆ ਸੰਨਾਟਾ

ਖ਼ਬਰਾਂ, ਪੰਜਾਬ

ਨਾਭਾ- ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਬੁੱਢਾ ਸਮੇਤ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਖਬਰ ਸੁਣਦਿਆਂ ਹੀ ਮੈਕਸੀਮਮ ਸਕਿਓਰਟੀ ਜੇਲ੍ਹ ਵਿਚ ਬੰਦ ਇਕ ਦਰਜਨ ਗੈਂਗਸਟਰਾਂ ਵਿਚ ਸੰਨਾਟਾ ਛਾ ਗਿਆ ਹੈ। ਇਸ ਸਮੇਂ ਜੇਲ੍ਹ ਵਿਚ ਨਿਸ਼ਾਨੇ 'ਚ ਲੈ ਕੇ ਹਿੰਦੂ ਨੇਤਾਵਾਂ, ਸ਼ਿਵ ਸੈਨਾ ਆਗੂਆਂ ਦੀਆਂ ਹੱਤਿਆਵਾਂ ਦੇ ਸਬੰਧ ਵਿਚ ਗ੍ਰਿਫ਼ਤਾਰ ਹਰਦੀਪ ਸਿੰਘ ਸ਼ੇਰ, ਸ਼ਮਸ਼ੇਰ ਸਿੰਘ ਸ਼ੇਰਾ, ਕੁਲਪ੍ਰੀਤ ਨੀਟਾ ਦਿਉਲ, ਰਮਨਦੀਪ ਬੱਗਾ ਆਦਿ 11 ਗੈਂਗਸਟਰ ਬੰਦ ਹਨ। 

ਭਾਵੇਂ ਗੈਂਗਸਟਰਾਂ ਦੇ ਆਪਸ ਵਿਚ ਕਈ ਗਰੁੱਪ ਹਨ ਪਰ ਪੁਲਿਸ ਮੁਕਾਬਲੇ ਤੋਂ ਸਾਰੇ ਹੀ ਗੈਂਗਸਟਰ ਕਾਫੀ ਖਫਾ ਦੱਸੇ ਜਾਂਦੇ ਹਨ। ਜੇਲ੍ਹ ਦਾ ਮੋਬਾਇਲ ਨੈੱਟਵਰਕ ਜੇਲ੍ਹ ਬਰੇਕ ਕਾਂਡ ਤੋਂ ਪਹਿਲਾਂ ਵੀ ਧੜੱਲੇ ਨਾਲ ਕੰਮ ਕਰਦਾ ਸੀ ਤੇ ਹੁਣ ਵੀ 4 ਜੀ ਨੈੱਟਵਰਕ ਕੰਮ ਕਰ ਰਿਹਾ ਹੈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਰਾਹੁਲ ਰਾਜਾ ਨੇ ਇਸ ਨੁਮਾਇੰਦੇ ਨਾਲ ਵਾਰਤਾ ਵਿਚ ਦੱਸਿਆ ਕਿ ਗੈਂਗਸਟਰਾਂ ਨੇ ਖਾਣਾ ਖਾਧਾ ਹੈ ਤੇ ਸਥਿਤੀ ਨਾਰਮਲ ਹੈ। ਜੇਲ੍ਹ 'ਚ ਕਿਸੇ ਤਰ੍ਹਾਂ ਦੀ ਹਿਲਜੁਲ ਤੋਂ ਉੁਨ੍ਹਾਂ ਸਾਫ ਇਨਕਾਰ ਕੀਤਾ।