ਧਮਕੀ ਦੇਣ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈਰੀ ਬਾਕਸਰ ਦੱਸਿਆ
ਮੁੰਬਈ : ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੂੰ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹੈਰੀ ਬਾਕਸਰ ਦੇ ਨਾਂ ’ਤੇ ਫੋਨ ਆਇਆ । ਫੋਨ ਕਰਨ ਵਾਲੇ ਨੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਸ਼ਾਰ ਕਪੂਰ ਨੇ ਇਸ ਦੀ ਜਾਣਕਾਰੀ ਮੁੰਬਈ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਐਂਟੀ-ਐਕਸਟੌਰਸ਼ਨ ਸੈੱਲ ਅਤੇ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ।
ਕ੍ਰਾਈਮ ਬ੍ਰਾਂਚ ਦੀ ਤਕਨੀਕੀ ਟੀਮ ਨੇ ਧਮਕੀ ਭਰੀ ਕਾਲ ਦੀ ਆਡੀਓ ਰਿਕਾਰਡਿੰਗ ਦੀ ਜਾਂਚ ਕੀਤੀ। ਇਸ ਤੋਂ ਬਾਅਦ ਆਵਾਜ਼ ਦਾ ਮਿਲਾਨ ਹੈਰੀ ਬਾਕਸਰ ਦੇ ਅਧਿਕਾਰਤ ਆਡੀਓ ਨਮੂਨਿਆਂ ਨਾਲ ਕੀਤਾ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ, ਦੋਵਾਂ ਆਵਾਜ਼ਾਂ ਦਾ ਆਪਸ ਵਿੱਚ ਮਿਲਾਨ ਨਹੀਂ ਹੋਇਆ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਇਹ ਫਰਜ਼ੀ ਕਾਲ ਸੀ। ਕਿਸੇ ਵਿਅਕਤੀ ਨੇ ਗੈਂਗ ਦਾ ਨਾਂ ਲੈ ਕੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਲਾਰੈਂਸ ਗੈਂਗ ਦੇ ਗੁਰਗੇ ਹੈਰੀ ਬਾਕਸਰ ’ਤੇ ਬਾਲੀਵੁੱਡ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਕਈ ਹਸਤੀਆਂ ਨੂੰ ਧਮਕੀਆਂ ਦੇਣ ਦੇ ਦੋਸ਼ ਹਨ। ਇਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਨਾਂ ਅਦਾਕਾਰ ਰਣਵੀਰ ਸਿੰਘ ਦਾ ਹੈ। ਇਕ ਰਿਪੋਰਟ ਅਨੁਸਾਰ ਹੈਰੀ ਬਾਕਸਰ ਨੇ ਰਣਵੀਰ ਸਿੰਘ ਦੇ ਮੈਨੇਜਰ ਨੂੰ ਵਾਇਸ ਨੋਟ ਭੇਜ ਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਕਮ ਨਾ ਦੇਣ ਦੀ ਸੂਰਤ ਵਿੱਚ ਰਣਵੀਰ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਪ੍ਰੰਤੂ ਰੋਜ਼ਾਨਾ ਸਪੋਕਸਮੈਨ ਇਨ੍ਹਾਂ ਰਿਪੋਰਟ ਸਬੰਧੀ ਕੋਈ ਪੁਸ਼ਟੀ ਨਹੀਂ ਕਰਦਾ।
