ਮਸ਼ਹੂਰ ਬਾਲੀਵੁੱਡ ਗਾਇਕ ਨੇ ਐਵਾਰਡ ਸ਼ੋਅ 'ਚ ਫ਼ਰਮਾਇਸ਼ ਅਨੁਸਾਰ ਗਾਉਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ: ਪ੍ਰਸਿੱਧ ਗਾਇਕ ਕੈਲਾਸ਼ ਖੇਰ ਨੇ ਦਿੱਲੀ ਵਿਚ ਹੋਏ ਇਕ ਐਵਾਰਡ ਸ਼ੋਅ ਦੌਰਾਨ ਗਾਉਣ ਤੋਂ ਇਨਕਾਰ ਕਰ ਦਿਤਾ। ਦਰਅਸਲ ਸਮਾਰੋਹ ਵਿਚ ਉਨ੍ਹਾਂ ਨੂੰ ਕੁੱਝ ਲਾਈਨਾਂ ਗਾਉਣ ਦੀ ਬੇਨਤੀ ਕੀਤੀ ਗਈ ਸੀ, ਜਿਸ ਉਤੇ ਖੇਰ ਨੇ ਕਿਹਾ ਕਿ ‘‘ਕਲਾਕਾਰਾਂ ਨੂੰ ਜੋਕਰ ਨਾ ਬਣਾਓ।’’ ਖੇਰ ਨੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਗਾਇਕ ਨੂੰ ਸਿਰਫ਼ ਦੋ ਲਾਈਨਾਂ ਗਾਉਣ ਲਈ ਨਾ ਕਿਹਾ ਜਾਵੇ।
ਇਹ ਬਹੁਤ ਗਲਤ ਹੈ। ਕਿਰਪਾ ਕਰ ਕੇ ਅਜਿਹੀ ਬੇਨਤੀ ਨਾ ਕਰੋ।’’ ਉਨ੍ਹਾਂ ਨੇ ਤੁਲਨਾ ਕਰਦਿਆਂ ਕਿਹਾ ਕਿ ਜਿਵੇਂ ਕੋਈ ਸਚਿਨ ਤੇਂਦੁਲਕਰ ਨੂੰ ਨਹੀਂ ਕਹਿੰਦਾ ਕਿ ਇਕ ਛੱਕਾ ਮਾਰ ਕੇ ਵਿਖਾ ਓ ਜਾਂ ਕਿਸੇ ਫੌਜੀ ਨੂੰ ਨਹੀਂ ਕਹਿੰਦਾ ਕਿ ਇਕ ਗੋਲੀ ਚਲਾ ਕੇ ਵਿਖਾ ਓ, ਓਸੇ ਤਰ੍ਹਾਂ ਗਾਇਕਾਂ ਨੂੰ ਵੀ ਮਨੋਰੰਜਨ ਕਰਨ ਲਈ ਮਜਬੂਰ ਨਾ ਕੀਤਾ ਜਾਵੇ।
ਖੇਰ ਨੇ ਜ਼ੋਰ ਦਿਤਾ ਕਿ ਕਲਾਕਾਰ ਸਿਰਫ਼ ਮਨੋਰੰਜਕ ਨਹੀਂ ਹੁੰਦੇ, ਬਲਕਿ ‘‘ਸਾਧਕ ਹੁੰਦੇ ਹਨ, ਜੋ ਅਪਣੇ ਮਨ ਦੇ ਹੁੰਦੇ ਹਨ।’’ ਉਨ੍ਹਾਂ ਦਾ ਇਹ ਬਿਆਨ ਦੇ ਵੀਡੀਉ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ। ਕੈਲਾਸ਼ ਖੇਰ ਨੇ 2003 ਵਿਚ ਅਪਣੀ ਸੰਗੀਤਕ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ‘‘ਤੇਰੀ ਦੀਵਾਨੀ’’, ‘‘ਸਈਆਂ’’ ਅਤੇ ‘‘ਯੂੰ ਹੀ ਚਲਾ ਚਲ’’ ਵਰਗੇ ਕਈ ਪ੍ਰਸਿੱਧ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿਚ ਅਪਣੀ ਥਾਂ ਬਣਾਈ। ਇਸ ਘਟਨਾ ਨੇ ਕਲਾਕਾਰਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਪਛਾਣ ਬਾਰੇ ਇਕ ਵੱਡੀ ਚਰਚਾ ਨੂੰ ਜਨਮ ਦਿਤਾ ਹੈ। (ਪੀ.ਟੀ.ਆਈ.)
