ਕਿਹਾ, ''ਲੁਧਿਆਣਾ ਨੇ ਹੀ ਮੇਰੇ ਪੈਰ ਲਾਏ... ਪਿੰਡ ਛੱਡਦਿਆਂ ਨਹੀਂ ਸੀ ਪਤਾ ਕਿੱਥੇ ਜਾਣਾ''
ਲੁਧਿਆਣਾ (ਪ੍ਰਮੋਦ ਕੌਸ਼ਲ) : ਦੁਨੀਆ ਭਰ ਵਿਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਪਣੇ ਜੀਵਨ ਦੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕਰਦਿਆਂ ਇਕ ਐਸੀ ਗੱਲ ਸਾਂਝੀ ਕੀਤੀ, ਜਿਸ ਨੇ ਹਰ ਪੰਜਾਬੀ ਦਾ ਦਿਲ ਛੂਹ ਲਿਆ। ਇਕ ਵੀਡੀਉ ਸਾਂਝੀ ਕਰਦਿਆਂ ਦਿਲਜੀਤ ਨੇ ਭਾਵੁਕ ਅੰਦਾਜ਼ ਵਿਚ ਕਿਹਾ ਕਿ ‘‘ਜਦੋਂ ਮੈਂ ਅਪਣਾ ਪਿੰਡ ਛੱਡਿਆ ਸੀ ਤਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕਿੱਥੇ ਜਾ ਰਿਹਾ ਹਾਂ।
ਮੈਂ ਸਿਰਫ਼ ਬੱਸ ਵਿਚ ਬੈਠਿਆ ਤੇ ਲੁਧਿਆਣਾ ਆ ਗਿਆ। ਲੁਧਿਆਣਾ ਨੇ ਹੀ ਮੇਰੇ ਪੈਰ ਲਾਏ।’’ ਉਨ੍ਹਾਂ ਕਿਹਾ ਕਿ ਅਪਣਾ ਪਿੰਡ, ਦੋਸਤ, ਪਰਿਵਾਰ ਅਤੇ ਅਪਣੇ ਸਾਰੇ ਰਿਸ਼ਤੇਦਾਰਾਂ ਨੂੰ ਛੱਡ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਕਿਸੇ ਵੀ ਇਨਸਾਨ ਲਈ ਸਭ ਤੋਂ ਮੁਸ਼ਕਲ ਫ਼ੈਸਲਿਆਂ ਵਿਚੋਂ ਇਕ ਹੁੰਦਾ ਹੈ। ਇਨਸਾਨ ਲਈ ਉਸਦਾ ਪਿੰਡ ਹੀ ਉਸਦੀ ਪੂਰੀ ਦੁਨੀਆਂ ਹੁੰਦਾ ਹੈ। ਜਦੋਂ ਉਹ ਦੁਨੀਆਂ ਪਿੱਛੇ ਛੱਡਣੀ ਪੈਂਦੀ ਹੈ ਤਾਂ ਦਿਲ ਦੇ ਅੰਦਰ ਬਹੁਤ ਕੁਝ ਟੁੱਟਦਾ ਹੈ।’’
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਜਨਮ ਫਿਲੌਰ ਤਹਿਸੀਲ ਦੇ ਪਿੰਡ ਦੋਸਾਂਝ ਕਲਾਂ ਵਿਚ ਹੋਇਆ। ਅਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਹ ਸਭ ਤੋਂ ਪਹਿਲਾਂ ਲੁਧਿਆਣਾ ਆਏ, ਜਿੱਥੋਂ ਉਨ੍ਹਾਂ ਦੇ ਕਲਾਤਮਕ ਸਫ਼ਰ ਨੂੰ ਨਵੀਂ ਦਿਸ਼ਾ ਮਿਲੀ। ਲੁਧਿਆਣਾ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਉਨ੍ਹਾਂ ਨੂੰ ਲਾਸ ਐਂਜਲਿਸ (ਐਲ.ਏ.) ਤੱਕ ਲੈ ਗਿਆ, ਜਿੱਥੇ ਉਹ ਪੰਜਾਬੀ ਸੰਗੀਤ ਅਤੇ ਸਿਨੇਮਾ ਦਾ ਵਿਸ਼ਵ ਪੱਧਰ ’ਤੇ ਮਾਣ ਵਧਾ ਰਹੇ ਹਨ। ਇਸੇ ਦੌਰਾਨ ਦਿਲਜੀਤ ਦੋਸਾਂਝ ਨੇ ਅਪਣੇ ਨਾਮ ਨੂੰ ਲੈ ਕੇ ਹੋ ਰਹੀਆਂ ਸਿਆਸੀ ਚਰਚਾਵਾਂ ਅਤੇ ਵਿਰੋਧ ਪ੍ਰਦਰਸ਼ਨਾਂ ’ਤੇ ਵੀ ਸਪੱਸ਼ਟ ਰੁਖ ਅਖ਼ਤਿਆਰ ਕੀਤਾ।
ਉਨ੍ਹਾਂ ਕਿਹਾ ਕਿ ‘‘ਮੈਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੀ ਰੱਖੋ। ਮੈਂ ਕੋਈ ਨੇਤਾ ਨਹੀਂ ਹਾਂ, ਮੈਂ ਇਕ ਆਰਟਿਸਟ ਹਾਂ।’’ ਦਿੱਲੀ ਦੇ ਜੰਤਰ-ਮੰਤਰ ’ਤੇ ਹੋਏ ਇਕ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਅਪਣੀ ਲੜਾਈ ਲੜ ਰਹੇ ਹਨ, ਉਨ੍ਹਾਂ ਨੂੰ ਵੀ ਵਧਾਈ ਅਤੇ ਜਿਨ੍ਹਾਂ ਲਈ ਇਹ ਸਭ ਕੁਝ ਹੋ ਰਿਹਾ ਹੈ, ਉਨ੍ਹਾਂ ਨੂੰ ਵੀ ਮੁਬਾਰਕ। ਪਰ ਉਹ ਖੁਦ ਸਿਰਫ਼ ਅਪਣੇ ਸੰਗੀਤ, ਕਲਾ ਅਤੇ ਅਪਣੇ ਕੰਮ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਹਨ।
ਦਿਲਜੀਤ ਨੇ ਅਪਣੀ ਬਹੁਚਰਚਿਤ ਫ਼ਿਲਮ ‘ਪੰਜਾਬ 95’ ਬਾਰੇ ਵੀ ਪ੍ਰਸ਼ੰਸਕਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿਤੀ। ਇੰਸਟਾਗ੍ਰਾਮ ਲਾਈਵ ਦੌਰਾਨ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਹੁਣ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਪੂਰੇ ਭਰੋਸੇ ਨਾਲ ਕਿਹਾ ਕਿ ਜਦੋਂ ਫ਼ਿਲਮ ਦਰਸ਼ਕਾਂ ਸਾਹਮਣੇ ਆਵੇਗੀ ਤਾਂ ਕਈ ਲੋਕਾਂ ਦੇ ਮੂੰਹ ਅਪਣੇ ਆਪ ਬੰਦ ਹੋ ਜਾਣਗੇ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਪੰਜਾਬ ‘95’ ਪਿਛਲੇ ਕਈ ਸਾਲਾਂ ਤੋਂ ਸੈਂਸਰਸ਼ਿਪ ਨਾਲ ਜੁੜੀਆਂ ਕਾਨੂੰਨੀ ਅਤੇ ਤਕਨੀਕੀ ਪੇਚੀਦਗੀਆਂ ਕਾਰਨ ਅਟਕੀ ਹੋਈ ਸੀ। ਕਈ ਕੱਟਾਂ ਅਤੇ ਵਿਵਾਦਾਂ ਕਾਰਨ ਇਸ ਦੀ ਰਿਲੀਜ਼ ਲਗਾਤਾਰ ਟਲਦੀ ਰਹੀ, ਜਿਸ ਕਾਰਨ ਇਹ ਹਾਲੀਆ ਵਰਿ੍ਹਆਂ ਦੀਆਂ ਸਭ ਤੋਂ ਵੱਧ ਚਰਚਿਤ ਪੰਜਾਬੀ ਫ਼ਿਲਮਾਂ ਵਿਚੋਂ ਇਕ ਬਣ ਗਈ ਹੈ।
