ਜ਼ੀਰਕਪੁਰ ਦੇ ਸ਼ਰਵਨ ਸਿੰਘ ਨੇ ਪਟੀਸ਼ਨ ਕੀਤੀ ਦਾਖ਼ਲ
ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਸਵਰਗੀ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫ਼ੀਚਰ ਫ਼ਿਲਮ ‘ਸਤਲੁਜ’ (ਜਿਸਦਾ ਪਹਿਲਾ ਨਾਂ 'ਪੰਜਾਬ '95' ਸੀ) ਨੂੰ ZEE5 ਓਟੀਟੀ (OTT) ਪਲੇਟਫਾਰਮ ਤੋਂ ਅਚਾਨਕ ਹਟਾਉਣ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ (PIL) ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਮੋਹਾਲੀ (ਜ਼ੀਰਕਪੁਰ) ਦੇ ਰਹਿਣ ਵਾਲੇ ਸ਼ਰਵਨ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ, ਜੋ ਕਿ ਖਾਲੜਾ ਦੀ ਵਿਰਾਸਤ ਦੇ ਪ੍ਰਸ਼ੰਸਕ ਅਤੇ ZEE5 ਦੇ ਸਬਸਕ੍ਰਾਈਬਰ ਹਨ।
ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਫ਼ਿਲਮ ਨੂੰ ਪੂਰੇ ਭਾਰਤ ਵਿੱਚ ਜਨਤਾ ਦੇ ਦੇਖਣ ਲਈ ZEE5 ਪਲੇਟਫਾਰਮ 'ਤੇ ਤੁਰੰਤ ਬਹਾਲ ਕੀਤਾ ਜਾਵੇ। ਵੇਰਵਿਆਂ ਮੁਤਾਬਕ, ਇਹ ਫ਼ਿਲਮ 3 ਜੁਲਾਈ 2026 ਨੂੰ ਡਿਜੀਟਲ ਰੂਪ ਵਿੱਚ ਰਿਲੀਜ਼ ਹੋਈ ਸੀ ਪਰ ਮਹਿਜ਼ ਦੋ ਦਿਨਾਂ ਬਾਅਦ 5 ਜੁਲਾਈ 2026 ਨੂੰ ਬਿਨਾਂ ਕਿਸੇ ਜਨਤਕ, ਕਾਨੂੰਨੀ, ਅਦਾਲਤੀ ਜਾਂ ਸਰਕਾਰੀ ਹੁਕਮ ਦੇ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਜ਼ੀ5 ਨੇ ਆਪਣੇ ਬਿਆਨ ਵਿੱਚ ਫ਼ਿਲਮ ਨੂੰ ਹਟਾਉਣ ਪਿੱਛੇ ਸਿਰਫ਼ "ਮੌਜੂਦਾ ਘਟਨਾਕ੍ਰਮ" ਦਾ ਹਵਾਲਾ ਦਿੱਤਾ ਸੀ।
ਹਨੀ ਤ੍ਰੇਹਨ ਵੱਲੋਂ ਨਿਰਮਿਤ ਅਤੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ, ਖੋਜ ਅਤੇ ਕੁਰਬਾਨੀ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਅਣਪਛਾਤੀਆਂ ਲਾਸ਼ਾਂ ਦੇ ਗੈਰ-ਕਾਨੂੰਨੀ ਸਸਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਾਮਲਿਆਂ ਨੂੰ ਉਜਾਗਰ ਕੀਤਾ ਸੀ।
ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਬਿਨਾਂ ਕਿਸੇ ਕਾਨੂੰਨੀ ਅਧਾਰ ਦੇ ਫ਼ਿਲਮ ਨੂੰ ਅਚਾਨਕ ਹਟਾਉਣਾ ਭਾਰਤੀ ਸੰਵਿਧਾਨ ਦੀ ਧਾਰਾ 19(1)(a) ਤਹਿਤ ਮਿਲੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੂਲ ਅਧਿਕਾਰ ਦਾ ਉਲੰਘਣ ਹੈ। ਇਸ ਨਾਲ ਉਨ੍ਹਾਂ ਹਜ਼ਾਰਾਂ ਉਪਭੋਗਤਾਵਾਂ ਦੇ ਹੱਕਾਂ ਦਾ ਵੀ ਨੁਕਸਾਨ ਹੋਇਆ ਹੈ ਜਿਨ੍ਹਾਂ ਨੇ ਪੈਸੇ ਦੇ ਕੇ ਇਸ ਫ਼ਿਲਮ ਨੂੰ ਦੇਖਣ ਲਈ ਸਬਸਕ੍ਰਿਪਸ਼ਨ ਲਈ ਸੀ। ਇਸ ਮਾਮਲੇ ਵਿੱਚ ਕੇਂਦਰ ਸਰਕਾਰ (ਸੂਚਨਾ ਅਤੇ ਪ੍ਰਸਾਰਣ ਮੰਤਰਾਲਾ), ਸੈਂਸਰ ਬੋਰਡ (CBFC), ਪੰਜਾਬ ਸਰਕਾਰ ਅਤੇ ਜ਼ੀ ਐਂਟਰਟੇਨਮੈਂਟ ਨੂੰ ਪ੍ਰਤੀਵਾਦੀ (ਪਾਰਟੀ) ਬਣਾਇਆ ਗਿਆ ਹੈ।
