ਅਨੇਕਾਂ ਫਿਲਮਾਂ ਅਤੇ ਟੀਵੀ ਸੀਰੀਅਲ ਵਿਚ ਕੰਮ ਕਰ ਚੁੱਕੇ ਹਨ ਨਿਰਭੈ ਗਿੱਲ
ਮਲੇਰਕੋਟਲਾ : ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ (PFTAA) ਦੀ ਟੀਮ ਵੱਲੋਂ ਅਦਾਕਾਰ ਨਿਰਭੈ ਗਿੱਲ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਜ਼ਿਲ੍ਹਾ ਮਲੇਰਕੋਟਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਿਰਭੈ ਗਿੱਲ ਅਨੇਕਾਂ ਫਿਲਮਾਂ ਅਤੇ ਟੀਵੀ ਸੀਰੀਅਲ ਵਿਚ ਕੰਮ ਕਰ ਚੁੱਕੇ ਹਨ। ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੀ ਸੰਸਥਾ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਕਲਾਕਾਰਾਂ ਦੀ ਭਲਾਈ ਲਈ ਹੋਰ ਵੀ ਮਿਹਨਤ, ਲਗਨ ਅਤੇ ਜਨੂੰਨ ਨਾਲ ਕੰਮ ਕਰਨਗੇ। ਅਦਾਕਾਰ ਨਿਰਭੈ ਗਿੱਲ ਐਕਟਿੰਗ ਲਈ ਚੰਡੀਗੜ੍ਹ ਅਤੇ ਮੁੰਬਈ ਆਉਂਦੇ ਜਾਂਦੇ ਰਹਿੰਦੇ ਹਨ ਪਰ ਉਹਨਾਂ ਦਾ ਜੱਦੀ ਪਿੰਡ ਖਾਨਪੁਰ ਹੈ ਜੋ ਜ਼ਿਲ੍ਹਾ ਮਲੇਰਕੋਟਲਾ ਵਿਚ ਸਥਿਤ ਹੈ। ਗਿੱਲ ਦੇ ਨਿਯੁਕਤ ਹੋਣ ’ਤੇ ਜਿੱਥੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਇਸ ਨਾਲ ਜ਼ਿਲ੍ਹਾ ਮਲੇਰਕੋਟਲਾ ਦੇ ਐਕਟਿੰਗ ਨਾਲ ਜੁੜੇ ਲੋਕਾਂ ਨੂੰ ਵੀ ਲਾਭ ਮਿਲੇਗਾ।
ਇਸ ਨਿਯੁਕਤੀ ਮੌਕੇ ਉਨ੍ਹਾਂ ਨੂੰ ਮੁਬਾਰਕਵਾਦ ਦੇਣ ਵਾਲਿਆਂ ਵਿਚ ਸੰਸਥਾ ਦੇ ਅਹੁਦੇਦਾਰ ਪ੍ਰਧਾਨ ਐਮੀ ਵਿਰਕ, ਬੀਨੂੰ ਢਿੱਲੋਂ ਜਨਰਲ ਸਕੱਤਰ, ਗੁੱਗੂ ਗਿੱਲ ਚੇਅਰਮੈਨ, ਨਿਰਮਲ ਰਿਸ਼ੀ ਮੁੱਖ ਸਰਪ੍ਰਸਤ, ਗੁਰਪ੍ਰੀਤ ਘੁੱਗੀ ਮੁੱਖ ਸਲਾਹਕਾਰ, ਕਰਮਜੀਤ ਅਨਮੋਲ ਮੁੱਖ ਸਲਾਹਕਾਰ, ਹਾਰਬੀ ਸੰਘਾ ਮੁੱਖ ਸਲਾਹਕਾਰ, ਬੀਐਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਤਾਨੀਆ ਮੀਤ ਪ੍ਰਧਾਨ, ਭਾਰਤ ਭੂਸ਼ਣ ਖਜ਼ਾਨਚੀ, ਵਿਨੈ ਬਖ਼ਸ਼ੀ ਪ੍ਰੈੱਸ ਸਕੱਤਰ, ਕਲਾਕਾਰਾਂ ਵਿਚ ਮਲਕੀਤ ਰੌਣੀ, ਤਰਸੇਮ ਪਾਲ, ਰਾਣਾ ਰਣਬੀਰ ਸ਼ਰਮਾ, ਰਾਜ ਜੋਸ਼ੀ, ਪਵਨ ਗਰੇਵਾਲ, ਪ੍ਰਕਾਸ਼ ਗਾਧੂ, ਹਰਵਿੰਦਰ ਮੰਚ, ਬਲਿੰਦਰ ਬੰਟੀ, ਗੁਰਪ੍ਰੀਤ ਭੰਗੂ, ਬਲਵਿੰਦਰ ਕੌਰ, ਰਾਜ ਧਾਲੀਵਾਲ, ਕਿਰਨਦੀਪ ਕੌਰ, ਪੂਨਮ ਸੂਦ, ਅਰਵਿੰਦ, ਦੀਦਾਰ ਗਿੱਲ ਆਦਿ ਸ਼ਾਮਿਲ ਸਨ।
ਅਦਾਕਾਰ ਨਿਰਭੈ ਗਿੱਲ ਨੇ ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਮੀ ਵਿਰਕ ਅਤੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਮਨ ਨਾਲ ਨਿਭਾਉਣ ਲਈ ਵਚਨਬੱਧ ਹਨ।
