ਗੋਦਾਮਾਂ ਵਿਚ ਕਣਕ ਅਤੇ ਚੌਲਾਂ ਦਾ ਸਟਾਕ 1 ਅਪ੍ਰੈਲ ਤਕ ਵਧ ਕੇ 604.02 ਲੱਖ ਟਨ ਤਕ ਪਹੁੰਚ ਗਿਆ ਹੈ।
ਨਵੀਂ ਦਿੱਲੀ : ਦੇਸ਼ ਵਿਚ ਖੁਰਾਕੀ ਸੁਰੱਖਿਆ ਨੂੰ ਲੈ ਕੇ ਇਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਖੁਰਾਕ ਨਿਗਮ (ਐਫ਼.ਸੀ.ਆਈ.) ਦੇ ਗੋਦਾਮਾਂ ਵਿਚ ਕਣਕ ਅਤੇ ਚੌਲਾਂ ਦਾ ਸਟਾਕ 1 ਅਪ੍ਰੈਲ ਤਕ ਵਧ ਕੇ 604.02 ਲੱਖ ਟਨ ਤਕ ਪਹੁੰਚ ਗਿਆ ਹੈ।
ਇਹ ਮਾਤਰਾ ਸਰਕਾਰ ਵਲੋਂ ਨਿਰਧਾਰਤ 210.40 ਲੱਖ ਟਨ ਦੀ ਲਾਜ਼ਮੀ ਬਫਰ ਲੋੜ ਤੋਂ ਲਗਭਗ ਤਿੰਨ ਗੁਣਾ ਜ਼ਿਆਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਚੌਲਾਂ ਦਾ ਸਟਾਕ 386.10 ਲੱਖ ਟਨ ਹੈ, ਜਦਕਿ ਕਣਕ ਦਾ ਭੰਡਾਰ 217.92 ਲੱਖ ਟਨ ਦਰਜ ਕੀਤਾ ਗਿਆ ਹੈ।
ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ, ‘‘ਸਾਰੀਆਂ ਵਸਤੂਆਂ ਫਿਲਹਾਲ 1 ਮਈ ਨੂੰ ਖਤਮ ਹੋਏ ਹਫਤੇ ਦੌਰਾਨ ਘੱਟੋ-ਘੱਟ ਸਮਰਥਨ ਮੁੱਲ (ਐਮ.ਐੱਸ.ਪੀ.) ਤੋਂ ਹੇਠਾਂ ਵਿਕ ਰਹੀਆਂ ਹਨ।’’ ਸਰਕਾਰ ਦਾ ਕਹਿਣਾ ਹੈ ਕਿ ਇਹ ਭੰਡਾਰ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਅਤੇ ਹੋਰ ਭਲਾਈ ਸਕੀਮਾਂ ਲਈ ਅਨਾਜ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣਗੇ। (ਪੀ.ਟੀ.ਆਈ.)
