ਬਹੁਤ ਸਾਰੀਆਂ ਮੌਤਾਂ ਖੇਤਾਂ ਵਿਚ ਬਿਨਾਂ ਮਾਸਕ, ਦਸਤਾਨੇ ਜਾਂ ਹੋਰ ਸੁਰੱਖਿਆ ਉਪਕਰਨਾਂ ਦੋ ਫਸਲਾਂ 'ਤੇ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ ਕਰਨ ਦੌਰਾਨ ਹੋਈਆਂ ਹਨ
ਜੈਪੁਰ : ਰਾਜਸਥਾਨ ਤੋਂ ਇਕ ਚਿੰਤਾਜਨਕ ਰੀਪੋਰਟ ਦੇ ਅਨੁਸਾਰ, ਜਨਵਰੀ 2024 ਤੋਂ ਜੂਨ 2026 ਦੇ ਵਿਚਕਾਰ ਸੂਬੇ ਵਿਚ ਕੀਟਨਾਸ਼ਕਾਂ ਦੀ ਅਸੁਰੱਖਿਅਤ ਵਰਤੋਂ ਕਾਰਨ ਲਗਭਗ 535 ਕਿਸਾਨਾਂ ਨੇ ਅਪਣੀ ਜਾਨ ਗੁਆ ਦਿਤੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ, “ਬਹੁਤ ਸਾਰੀਆਂ ਮੌਤਾਂ ਖੇਤਾਂ ਵਿਚ ਬਿਨਾਂ ਮਾਸਕ, ਦਸਤਾਨੇ ਜਾਂ ਹੋਰ ਸੁਰੱਖਿਆ ਉਪਕਰਨਾਂ ਦੋ ਫਸਲਾਂ 'ਤੇ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ ਕਰਨ ਦੌਰਾਨ ਹੋਈਆਂ ਹਨ।” ਇਸ ਤੋਂ ਇਲਾਵਾ, ਘਰਾਂ ਵਿਚ ਕੀਟਨਾਸ਼ਕਾਂ ਦੀ ਗਲਤ ਸਟੋਰੇਜ ਅਤੇ ਨਿਪਟਾਰੇ ਦੇ ਸਹੀ ਤਰੀਕਿਆਂ ਬਾਰੇ ਜਾਗਰੂਕਤਾ ਦੀ ਘਾਟ ਕਾਰਨ ਵੀ ਕਈ ਕਿਸਾਨ ਜ਼ਹਿਰ ਦਾ ਸ਼ਿਕਾਰ ਹੋਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਛੋਟੇ ਅਤੇ ਸੀਮਾਂਤ ਕਿਸਾਨ ਸ਼ਾਮਲ ਹਨ। ਇਸ ਗੰਭੀਰ ਮੁੱਦੇ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨ ਜਥੇਬੰਦੀਆਂ ਅਤੇ ਮਾਹਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ‘ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਲਾਜ਼ਮੀ ਸਿਖਲਾਈ ਪ੍ਰੋਗਰਾਮ ਚਲਾਏ ਜਾਣ ਅਤੇ ਕਿਸਾਨਾਂ ਨੂੰ ਸੁਰੱਖਿਆ ਕਿੱਟਾਂ ਵੰਡੀਆਂ ਜਾਣ।’ ਉਨ੍ਹਾਂ ਨੇ ਰਸਾਇਣਕ ਦਵਾਈਆਂ 'ਤੇ ਨਿਰਭਰਤਾ ਘਟਾਉਣ ਲਈ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਵੀ ਵਕਾਲਤ ਕੀਤੀ ਹੈ। ਖੇਤੀਬਾੜੀ ਦੇ ਇਸ ਸੰਕਟ ਨੇ ਕਿਸਾਨਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿਤੇ ਹਨ।
