ਕਿਸਾਨਾਂ ਦੀ ਵਧੀ ਚਿੰਤਾ
ਪੰਜਾਬ ਵਿਚ ਅੱਜ ਸਵੇਰੇ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਸਵੇਰੇ 10 ਵਜੇ ਕਈ ਇਲਾਕਿਆਂ ਵਿਚ ਹਨੇਰਾ ਛਾ ਗਿਆ ਅਤੇ ਨਾਲ ਹੀ ਤੇਜ਼ ਹਵਾਵਾਂ ਚੱਲੀਆਂ ਤੇ ਮੀਂਹ ਪਿਆ। ਜਲੰਧਰ, ਲੁਧਿਆਣਾ ਅਤੇ ਫਰੀਦਕੋਟ ਵਿੱਚ ਵੀ ਧੂੜ ਭਰੀਆਂ ਹਨੇਰੀਆਂ ਚੱਲੀਆਂ ਅਤੇ ਮੀਂਹ ਪਿਆ। ਫਰੀਦਕੋਟ ਦੀ ਮੰਡੀ ਵਿੱਚ ਮੀਂਹ ਕਾਰਨ ਝੋਨੇ ਦਾ ਭੰਡਾਰ ਭਿੱਜ ਗਿਆ।
ਇਸ ਦੇ ਨਾਲ ਹੀ ਮੀਂਹ ਕਾਰਨ ਸੁਲਤਾਨਪੁਰ ਲੋਧੀ, ਫਾਜ਼ਿਲਕਾ ਤੇ ਤਪਾ ਮੰਡੀ ਦੀ ਅਨਾਜ ਮੰਡੀ ਪਾਣੀ ਵਿਚ ਡੁੱਬ ਗਈ, ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੰਡੀ ਵਿਚ ਕਈ ਫੁੱਟ ਤੱਕ ਪਾਣੀ ਜਮ੍ਹਾਂ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਪਾਣੀ ਵਿਚ ਡੁੱਬ ਗਈਆਂ ਅਤੇ ਕਈ ਥਾਵਾਂ ’ਤੇ ਫ਼ਸਲ ਦਾ ਪਤਾ ਲਗਾਉਣਾ ਵੀ ਮੁਸ਼ਕਿਲ ਹੋ ਗਿਆ।
ਇਸ ਤੋਂ ਇਲਾਵਾ, ਅਬੋਹਰ (ਫਾਜ਼ਿਲਕਾ), ਪੱਟੀ (ਤਰਨ ਤਾਰਨ) ਅਤੇ ਪਠਾਨਕੋਟ ਵਿੱਚ ਮੀਂਹ ਪਿਆ। ਅਬੋਹਰ ਵਿੱਚ ਸੜਕ ਧੱਸਣ ਕਾਰਨ ਇੱਕ ਕਾਰ ਫਸ ਗਈ। ਇਸ ਦੌਰਾਨ, ਚੰਡੀਗੜ੍ਹ ਵਿੱਚ ਅਸਮਾਨ ਅੰਸ਼ਕ ਤੌਰ 'ਤੇ ਬੱਦਲਵਾਈ ਵਾਲਾ ਬਣਿਆ ਹੋਇਆ ਹੈ।
ਮੌਸਮ ਵਿਭਾਗ ਨੇ ਪੰਜਾਬ ਦੇ ਅੱਠ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ, ਰੂਪਨਗਰ, ਮੋਹਾਲੀ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
