ਸਰਕਾਰ ਮੱਕੀ ਫ਼ਸਲ ਨੂੰ ਸਮਰਥਨ ਮੁੱਲ ’ਤੇ ਖ਼ਰੀਦਣ ਦੇ ਪ੍ਰਬੰਧ ਕਰੇ: ਨਿੱਕਾ ਖੇੜਾ
ਮਾਛੀਵਾੜਾ ਸਾਹਿਬ: ਮਾਛੀਵਾੜਾ ਇਲਾਕੇ ਵਿਚ ਕਿਸਾਨਾਂ ਮੱਕੀ ਦੀ ਕਾਸ਼ਤ ਕਾਫ਼ੀ ਮਾਤਰਾ ਵਿਚ ਹੁੰਦੀ ਹੈ ਅਤੇ ਗਰਮੀ ਕਾਰਨ ਫਸਲ ’ਤੇ ਸੁੰਡੀ ਦਾ ਹਮਲਾ ਵੀ ਦੇਖਣ ਨੂੰ ਮਿਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਕਿਸਾਨਾਂ ਵਲੋਂ 7 ਤੋਂ 8 ਹਜ਼ਾਰ ਏਕੜ ਵਿਚ ਮੱਕੀ ਦੀ ਕਾਸ਼ਤ ਕੀਤੀ ਗਈ ਹੈ। ਮਾਛੀਵਾੜਾ ਮੰਡੀ ਵਿਚ ਮੱਕੀ ਦੀ ਪ੍ਰਾਈਵੇਟ ਖਰੀਦ ਜਿਆਦਾ ਹੋਣ ਕਾਰਨ ਅਤੇ ਇੱਥੇ ਫਸਲ ਦਾ ਅਚਾਰ ਬਣਾ ਕੇ ਵੇਚਣ ਵਾਲੀਆਂ ਫੈਕਟਰੀਆਂ ਹੋਣ ਕਾਰਨ ਕਿਸਾਨਾਂ ਵਿਚ ਇਸਦੀ ਕਾਸ਼ਤ ਦਾ ਰੁਝਾਨ ਵਧਦਾ ਜਾ ਰਿਹਾ ਹੈ। ਬੇਸ਼ੱਕ ਮੱਕੀ ਦੀ ਫਸਲ ’ਤੇ ਹਰੇਕ ਵਾਰ ਸੁੰਡੀ ਦਾ ਹਮਲਾ ਹੁੰਦਾ ਹੈ ਪਰ ਇਸ ਵਾਰ ਇਹ ਹਮਲਾ ਜਿਆਦਾ ਹੈ ਕਿਉਂਕਿ ਇਹ ਘਾਤਕ ਸੁੰਡੀ ਮੱਕੀ ਦੀ ਫਸਲ ਨੂੰ ਲੱਗੀ ਛੱਲੀ ਦੇ ਪਹਿਲਾਂ ਵਾਲ ਖਾ ਜਾਂਦੀ ਹੈ ਅਤੇ ਫਿਰ ਦਾਣਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਕਿਸਾਨਾਂ ਅਨੁਸਾਰ ਜਿਆਦਾ ਗਰਮੀ ਪੈਣ ਕਾਰਨ ਇਹ ਸੁੰਡੀ ਦਾ ਹਮਲਾ ਵੀ ਤੇਜ ਹੋ ਜਾਂਦਾ ਹੈ ਜਿਸ ਦੇ ਬਚਾਅ ਲਈ ਉਨ੍ਹਾਂ ਵਲੋਂ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੰਡੀ ਤੋਂ ਬਚਾਅ ਲਈ 4 ਹਜ਼ਾਰ ਰੁਪਏ ਪ੍ਰਤੀ ਏਕੜ ਸਪਰੇਅ ਦਾ ਖਰਚਾ ਆਉਂਦਾ ਹੈ। ਕਿਸਾਨਾਂ ਅਨੁਸਾਰ ਜੋ ਮੱਕੀ ਦੀ ਪਛੇਤੀ ਫਸਲ ਹੈ ਉਸ ਨੂੰ ਇਸ ਸੁੰਡੀ ਦਾ ਹਮਲਾ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਜੇਕਰ ਸਪਰੇਅ ਕਾਰਨ ਵੀ ਇਹ ਸੁੰਡੀ ਨਾ ਮਰੀ ਤਾਂ ਝਾੜ ਘਟਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਉਹ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ ਕਿ ਆਪਣੀ ਫਸਲ ਨੂੰ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਯੋਗ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ।
ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਬੇਟ ਖੇਤਰ ਵਿਚ ਵੀ ਕਈ ਥਾਵਾਂ ’ਤੇ ਮੱਕੀ ਫਸਲ ’ਤੇ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਦਾ 4 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਵੀ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਨੇ 2410 ਰੁਪਏ ਸਮਰਥਨ ਮੁੱਲ ਤੈਅ ਕੀਤਾ ਹੈ ਪਰ ਮੰਡੀਆਂ ਵਿਚ ਕਿਸਾਨਾਂ ਨੂੰ ਇਸ ਫਸਲ ਦਾ ਸਮਰਥਨ ਮੁੱਲ ਨਹੀਂ ਮਿਲਦਾ ਹੈ ਅਤੇ ਪ੍ਰਾਈਵੇਟ ਵਪਾਰੀ ਘੱਟ ਭਾਅ ’ਤੇ ਫਸਲ ਖਰੀਦਦੇ ਹਨ ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ।
