ਸੂਬੇ ਵਿਚ ਸਾਲ 1970-75 ਵਿਚ ਪੰਜ ਲੱਖ ਹੈਕਟੇਅਰ ਰਕਬੇ ਤੋਂ ਤੇਲ ਬੀਜ ਹੇਠਲਾ ਰਕਬਾ 50 ਹਜ਼ਾਰ ਹੈਕਟੇਅਰ ਤੋਂ ਵੀ ਘੱਟ ਗਿਆ ਹੈ।
ਚੰਡੀਗੜ੍ਹ (ਸਸਸ) : ਖੇਤੀ ਪ੍ਰਧਾਨ ਸੂਬਾ ਪੰਜਾਬ ਹੁਣ ਕਣਕ ਅਤੇ ਝੋਨੇ ਉੱਤੇ ਹੀ ਨਿਰਭਰ ਹੁੰਦਾ ਜਾ ਰਿਹਾ ਹੈ। ਖੇਤੀਬਾੜੀ ਦੇ ਬਦਲਦੇ ਸਰੂਪ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਤੇਲ ਬੀਜਾਂ ਦੀਆਂ ਫ਼ਸਲਾਂ ਤੋਂ ਕਿਸਾਨ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ। ਸੂਬੇ ਵਿਚ ਸਾਲ 1970-75 ਵਿਚ ਪੰਜ ਲੱਖ ਹੈਕਟੇਅਰ ਰਕਬੇ ਤੋਂ ਤੇਲ ਬੀਜ ਹੇਠਲਾ ਰਕਬਾ 50 ਹਜ਼ਾਰ ਹੈਕਟੇਅਰ ਤੋਂ ਵੀ ਘੱਟ ਗਿਆ ਹੈ।
ਸੂਬੇ ਵਿਚ ਇਕ ਸਮਾਂ ਸੀ ਜਦੋਂ ਕਈ ਇਲਾਕਿਆਂ ਵਿਚ ਸਰ੍ਹੋਂ, ਤੋਰੀਆ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਆਮ ਸੀ ਪਰ ਕਿਸਾਨਾਂ ਦਾ ਰੁਝਾਨ ਕਣਕ ਅਤੇ ਝੋਨੇ ਵਲ ਵਧਦਾ ਗਿਆ ਤੇ ਤੇਲ ਬੀਜਾਂ ਦੀ ਕਾਸ਼ਤ ਲਗਾਤਾਰ ਪਿਛੜਦੀ ਗਈ ਹੈ। ਖੇਤੀਬਾੜੀ ਵਿਭਾਗ ਦੀ ਸੰਯੁਕਤ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਉੱਥੇ ਹੀ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਵਲ ਮੋੜਨਾ ਚੁਣੌਤੀ ਹੈ, ਸਰ੍ਹੋਂ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਫ਼ਸਲੀ ਵਿਭਿੰਨਤਾ ਦੇ ਲੰਮੇ ਸਮੇਂ ਤੋਂ ਨਤੀਜੇ ਉਮੀਦ ਮੁਤਾਬਕ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਕਿਸਾਨ ਸਫ਼ੈਦਿਆਂ, ਪਾਪੂਲਰ ਅਤੇ ਹੋਰ ਰੁੱਖਾਂ ਵਿਚਕਾਰ ਸਰ੍ਹੋਂ ਦੀ ਕਾਸ਼ਤ ਕਰ ਕੇ ਇਕੋ ਜ਼ਮੀਨ ਤੋਂ ਦੋ ਤਰ੍ਹਾਂ ਦੇ ਉਤਪਾਦਨ ਦੀ ਸੰਭਾਵਨਾ ਤਲਾਸ਼ ਰਹੇ ਹਨ ਅਤੇ ਸੂਬੇ ਵਿਚ ਖੇਤੀਬਾੜੀ ਦਾ ਵੱਡਾ ਹਿੱਸਾ ਅੱਜ ਵੀ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ’ਤੇ ਨਿਰਭਰ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਇਨ੍ਹਾਂ ਦੋਵਾਂ ਫ਼ਸਲਾਂ ਦੀ ਕਾਸ਼ਤ, ਮੰਡੀਕਰਨ ਅਤੇ ਸਰਕਾਰੀ ਖ਼ਰੀਦ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਅਤੇ ਤਜਰਬਾ ਹੋਣ ਕਾਰਨ ਉਹ ਕਿਸੇ ਹੋਰ ਫ਼ਸਲ ਦੀ ਕਾਸ਼ਤ ਦੀ ਥਾਂ ਰਿਵਾਇਤੀ ਫ਼ਸਲਾਂ ਕਣਕ-ਝੋਨੇ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਫ਼ਸਲ ਦੀ ਕਾਸ਼ਤ ਅਤੇ ਮੰਡੀਕਰਨ ਦੀ ਖੱਜਲ-ਖ਼ੁਆਰੀ ਕਿਸਾਨਾਂ ਦੇ ਰਾਹ ਵਿਚ ਅੜਿੱਕਾ ਬਣਦੀ ਗਈ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਸਰ੍ਹੋਂ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
