ਇਕ ਲੱਖ ਰੁਪਏ ਪ੍ਰਤੀ ਕਿਲੋ ਵਿਕਦੀ ਹੈ ਕੋਰਡੀਸੈਪਸ, ਦੇਸ਼-ਵਿਦੇਸ਼ ਵਿਚ ਜਾਂਦੀ ਹੈ ਖੁੰਭ
ਬਰਨਾਲਾ (ਰਾਮ ਸਿੰਘ ਧਨੌਲਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਲੋਕੇ ਦੇ 41 ਸਾਲਾ ਅਗਾਂਹਵਧੂ ਕਿਸਾਨ ਨੇ ਵਿਲੱਖਣ ਕਿਸਮ ਦੀ ਔਸ਼ਧੀ ਖੁੰਬ ਕੋਰਡੀਸੈਪਸ ਮਿਲੀਟੇਰਿਸ ਦੀ ਕਾਸ਼ਤ ਰਾਹੀਂ ਸਫ਼ਲਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਆਰਟਸ ਵਿਚ ਗ੍ਰੈਜੂਏਟ ਰਸ਼ਪਾਲ ਸਿੰਘ ਪੁੱਤਰ ਤੀਰਥ ਸਿੰਘ ਪਿਛਲੇ ਕਰੀਬ 8 ਸਾਲਾਂ ਤੋਂ ਇਸ ਖੁੰਬ ਦੀ ਕਾਸ਼ਤ ਕਰ ਰਿਹਾ ਹੈ। ਉਨ੍ਹਾਂ ਨੇ ਲਗਭਗ 2 ਲੱਖ ਰੁਪਏ ਦੀ ਲਾਗਤ ਨਾਲ 100 ਵਰਗ ਫ਼ੁਟ ਦਾ ਇਕ ਢੁਕਵੇਂ ਵਾਤਾਵਰਣ ਵਾਲਾ ਕਮਰਾ ਤਿਆਰ ਕੀਤਾ, ਜਿਸ ਵਿਚ ਇਸ ਖ਼ਾਸ ਕਿਸਮ ਦੀ ਖੁੰਬ ਉਗਾਈ ਜਾਂਦੀ ਹੈ। ਰਸ਼ਪਾਲ ਸਿੰਘ ਨੇ ਦਸਿਆ ਕਿ ਉਸ ਦੀ ਪ੍ਰਤੀ ਸਾਲ ਕਮਾਈ ਕਰੀਬ 8 ਲੱਖ ਰੁਪਏ ਹੈ ਅਤੇ ਸਾਰੇ ਖ਼ਰਚੇ ਕੱਢ ਕੇ ਉਸ ਨੂੰ ਕਰੀਬ 5 ਲੱਖ ਰੁਪਏ ਬੱਚਤ ਹੋ ਜਾਂਦੀ ਹੈ।
ਉਸ ਨੇ ਦਸਿਆ ਕਿ ਇਹ ਖੁੰਬ ਕਰੀਬ ਚਾਰ ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਖੇਤਾਂ ਦੀ ਬਜਾਏ ਢੁਕਵੇਂ ਤਾਪਮਾਨ ਵਿਚ ਘੱਟ ਜਗ੍ਹਾ ’ਤੇ ਉਗਾਈ ਜਾਂਦੀ ਹੈ। ਸ਼ੁਰੂਆਤੀ ਨਿਵੇਸ਼ ਤੋਂ ਬਾਅਦ ਇਸ ਦੀ ਲਾਗਤ ਵੀ ਕਾਫ਼ੀ ਘੱਟ ਰਹਿੰਦੀ ਹੈ। ਰਸ਼ਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦਾ ਪਹਿਲਾ ਕਿਸਾਨ ਸੀ ਜਿਸ ਨੇ ਇਸ ਖੁੰਬ ਦੀ ਕਾਸ਼ਤ ਦੀ ਸ਼ੁਰੂਆਤ ਕੀਤੀ। ਉਸ ਨੇ ਸਾਲ 2018 ’ਚ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਬਰਨਾਲਾ ਵਿਚ ਬਟਨ ਮਸ਼ਰੂਮ ਦੀ ਕਾਸ਼ਤ ਬਾਰੇ ਵਰਕਸ਼ਾਪ/ਟਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ ਜਿੱਥੋਂ ਉਸ ਨੂੰ ਕੋਰਡੀਸੈਪਸ ਦੀ ਕਾਸ਼ਤ ਬਾਰੇ ਪਤਾ ਲਗਿਆ। ਉਸ ਨੇ 9ਵੀਂ ਤੋਂ 12ਵੀਂ ਜਮਾਤ ਤਕ ਦੀਆਂ ਜੀਵ ਵਿਗਿਆਨ ਕਿਤਾਬਾਂ ਤੇ ਖੋਜ ਪੱਤਰ ਪੜ੍ਹੇ, ਜਿਸ ਨਾਲ ਉਸ ਨੂੰ ਇਸ ਖੁੰਬ ਦੀ ਵਿਗਿਆਨਕ ਪ੍ਰਕਿਰਿਆ ਤੇ ਟਿਸ਼ੂ ਕਲਚਰ ਨੂੰ ਸਮਝਣ ਵਿਚ ਮਦਦ ਮਿਲੀ। ਉਸ ਨੂੰ ਇਸੇ ਵਰਕਸ਼ਾਪ ਅਤੇ ਖੋਜ ਪੱਤਰਾਂ ਵਿਚ ਪਤਾ ਲਗਿਆ ਕਿ ਕੋਰਡੀਸੈਪਸ ਵਿਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਅਤੇ ਖੋਜਾਂ ਤੋਂ ਇਹ ਸਾਬਤ ਹੋਇਆ ਹੈ ਕਿ ਇਸ ਵਿਚ ਟਿਊਮਰ, ਕੈਂਸਰ ਰੋਕੂ ਗੁਣ ਹਨ।
ਉਸ ਨੇ ਦਸਿਆ ਕਿ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਇਹ ਖੁੰਬ ਸਿਰਫ਼ ਹਿਮਾਲਿਆ ਖੇਤਰਾਂ ਵਿਚ ਹੀ ਉਗਦੀ ਹੈ। ਉਸ ਨੇ ਇਸ ਬਾਰੇ ਕਾਫੀ ਖੋਜ ਪੇਪਰ ਪੜੇ੍ਹ ਅਤੇ ਫਿਰ ਲੈਬ ਬਣਾਉਣ ਦੀ ਸੋਚੀ। ਉਸ ਵਲੋਂ ਹੁਣ ਇਹ ਖੁੰਬ 20 ਤੋਂ 22 ਡਿਗਰੀ ਸੈਲਸੀਅਸ ਤਾਪਮਾਨ ਵਿਚ ਸਫ਼ਲਤਾਪੂਰਵਕ ਉਗਾਈ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਇਸ ਖੁੰਬ ਦੇ ਫਾਇਦਿਆਂ ਬਾਰੇ ਜਾਣਨ ਵਾਲੇ ਲੋਕ ਇਸ ਨੂੰ ਖ਼ਰੀਦਦੇ ਹਨ। ਇਹ ਖੁੰਬ ਕਰੀਬ ਇਕ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕਦੀ ਹੈ। ਉਸ ਨੇ ਸਾਲ 2025 ਵਿਚ ਇਸ ਤੋਂ ਕਰੀਬ 8 ਲੱਖ ਰੁਪਏ ਕਮਾਈ ਕੀਤੀ ਹੈ। ਜ਼ਿਆਦਾਤਰ ਮਰੀਜ਼, ਖਿਡਾਰੀ, ਵੇਟ ਲਿਫ਼ਟਰ ਜਿਹੜੇ ਇਸ ਦੇ ਗੁਣਾਂ ਤੋਂ ਜਾਣੂ ਹਨ ਉਹ ਇਸ ਨੂੰ ਖ਼ਰੀਦਦੇ ਹਨ। ਉਹ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਇਲਾਵਾ ਕਈ ਮੁਲਕਾਂ ਜਿਵੇਂ ਕੈਨੇਡਾ, ਅਮਰੀਕਾ, ਇਟਲੀ, ਇੰਗਲੈਂਡ ਆਦਿ ਤੋਂ ਆਰਡਰ ਲੈਂਦਾ ਹੈ ਅਤੇ ਇਹ ਮਸ਼ਰੂਮ ਬਾਹਰ ਭੇਜਦਾ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੀਤੀ ਸ਼ਲਾਘਾ
ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐਸ ਨੇ ਜ਼ਿਲ੍ਹੇ ਦੇ ਕਿਸਾਨ ਰਸ਼ਪਾਲ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅਗਾਂਹਵਧੂ ਕਿਸਾਨ ਬਾਕੀਆਂ ਲਈ ਪ੍ਰੇਰਨਾ ਸਰੋਤ ਹੈ ਜੋ ਕਿ ਵਿਲੱਖਣ ਕਿਸਮ ਦੀ ਖੁੰਬ ਦੀ ਕਾਸ਼ਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਸ਼ਪਾਲ ਸਿੰਘ ਖੁੰਬ ਦੀ ਕਾਸ਼ਤ ਕਰਨ ਵਾਲੇ ਪੰਜਾਬ ਦੇ ਮੋਹਰੀ ਕਿਸਾਨਾਂ ਵਿਚ ਹੈ। ਇਹ ਕਿਸਾਨ ਜਿਥੇ ਵਿਗਿਆਨਕ ਖੇਤੀ ਨੂੰ ਹੁਲਾਰਾ ਦੇ ਰਿਹਾ ਹੈ, ਉਥੇ ਹੀ ਚੰਗੀ ਆਮਦਨ ਵੀ ਲੈ ਰਿਹਾ ਹੈ ਜੋ ਕਿ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।
