ਅਪਣੇ ਸਾਈਜ਼ ਅਤੇ ਵਜ਼ਨ ਕਰਕੇ ਮਸ਼ਹੂਰ ਐ ਇਹ ਅੰਬ
ਮੋਹਾਲੀ/ਸ਼ਾਹ : ਤੁਸੀਂ ਅੰਬ ਤਾਂ ਬਥੇਰੇ ਦੇਖੇ ਅਤੇ ਖਾਧੇ ਹੋਣਗੇ, ਪਰ ਕੀ ਤੁਸੀਂ ਕਦੇ ਅਜਿਹੀ ਕਿਸਮ ਦੇ ਅੰਬ ਖਾਧੇ ਨੇ ਜਿਸ ਦੇ ਇਕ ਅੰਬ ਦਾ ਵਜ਼ਨ ਹੀ ਚਾਰ ਕਿਲੋ ਦੇ ਕਰੀਬ ਹੋਵੇ। ਕਹਿਣ ਸੁਣਨ ਵਿਚ ਇਹ ਗੱਲ ਭਾਵੇਂ ਬਹੁਤ ਅਜ਼ੀਬ ਲਗਦੀ ਹੈ, ਪਰ ਅਜਿਹੀ ਖ਼ਾਸ ਕਿਸਮ ਦੇ ਅੰਬ ਭਾਰਤ ਵਿਚ ਮੌਜੂਦ ਨੇ। ਜੀ ਹਾਂ, ਇਹ ਖ਼ਾਸੀਅਤ ਨੂਰਜਹਾਂ ਕਿਸਮ ਦੇ ਅੰਬਾਂ ਵਿਚ ਪਾਈ ਜਾਂਦੀ ਐ। ਮੱਧ ਪ੍ਰਦੇਸ਼ ਦੇ ਕਾਠੀਵਾੜਾ ਵਿਖੇ ‘ਨੂਰਜਹਾਂ’ ਕਿਸਮ ਦਾ ਇਕ ਅੰਬ 3800 ਰੁਪਏ ਵਿਚ ਵਿਕਿਆ। ਸੋ ਆਓ ਤੁਹਾਨੂੰ ਦੱਸਦੇ ਆਂ,, ਕੀ ਨੇ ਨੂਰਜਹਾਂ ਅੰਬ ਦੀਆਂ ਖ਼ਾਸੀਅਤਾਂ, ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਕਾਠੀਵਾੜਾ ਵਿਖੇ ਅੰਬਾਂ ਦੀ ਇਕ ਦੁਰਲੱਭ ਕਿਸਮ ‘ਨੂਰਜਹਾਂ’ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਐ ਕਿਉਂਕਿ ਇਸ ਨਸਲ ਦਾ ਇਕ ਅੰਬ ਹੀ 3800 ਰੁਪਏ ਵਿਚ ਵਿਕਿਆ ਏ,, ਜਿਸ ਦਾ ਵਜ਼ਨ 3.3 ਕਿਲੋਗ੍ਰਾਮ ਸੀ। ਦਰਅਸਲ ਇਹ ਖ਼ਾਸ ਕਿਸਮ ਦੇ ਅੰਬ ਅਪਣੀ ਇਸੇ ਖ਼ਾਸੀਅਤ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਨੇ। ਕਾਠੀਵਾੜਾ ਦੇ ਮਸ਼ਹੂਰ ਬਾਗ਼ਵਾਨ ਭਰਤਰਾਜ ਸਿੰਘ ਯਾਦਵ ਨੇ ਦੱਸਿਆ :
ਅੰਬ ਵਿਕਰੇਤਾ ਨੇ ਕੀ ਆਖਿਆ?
‘‘ਨੂਰਜਹਾਂ ਅੰਬ ਦੀ ਇਸ ਸੀਜ਼ਨ ਦੀ ਫ਼ਸਲ ਤਸੱਲੀਬਖ਼ਸ਼ ਰਹੀ ਐ। ਮੇਰੇ ਬਾਗ਼ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨੂਰਜਹਾਂ ਅੰਬ 3.30 ਕਿਲੋਗ੍ਰਾਮ ਦਾ ਸੀ ਜੋ ਮੈਂ 3800 ਰੁਪਏ ਵਿਚ ਵੇਚਿਆ। ਅਸੀਂ ਨੂਰਜਹਾਂ ਅੰਬ ਦੀ ਕਾਸ਼ਤ ’ਚ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ। ਅਸੀਂ ਰੁੱਖਾਂ ਦੀ ਦੇਖਭਾਲ ਲਈ ਜੰਗਲਾਂ ਤੋਂ ਪ੍ਰਾਪਤ ਜੈਵਿਕ ਰਹਿੰ- ਖੂੰਹਦ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਦੇ ਆਂ।’’
ਦਰਅਸਲ ਅੰਬਾਂ ਦੀ ਮਲਿਕਾ ਕਹਾਉਣ ਵਾਲੀ ‘ਨੂਰਜਹਾਂ’ ਕਿਸਮ ਸਿਰਫ਼ ਨਾਮ ਤੋਂ ਹੀ ਸ਼ਾਹੀ ਨਹੀਂ ਬਲਕਿ ਇਸ ਦੀਆਂ ਖ਼ੂਬੀਆਂ ਵੀ ਸ਼ਾਹੀ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਅੰਬ ਦਾ ਸਾਈਜ਼ ਅਤੇ ਵਜ਼ਨ ਇੰਨਾ ਜ਼ਿਆਦਾ ਹੁੰਦਾ ਏ ਕਿ ਇਕ ਛੋਟੇ ਜਿਹੇ ਪਰਿਵਾਰ ਦੇ ਲਈ ਇਕ ਅੰਬ ਹੀ ਕਾਫ਼ੀ ਐ। ਨੂਰਜਹਾਂ ਅੰਬ ਦੀ ਸੀਮਤ ਗਿਣਤੀ ਹੋਣ ਕਾਰਨ ਇਸ ਨੂੰ ਖਾਣ ਦੇ ਸ਼ੌਕੀਨ ਪਹਿਲਾਂ ਹੀ ਅੰਬਾਂ ਦੀ ਬੁਕਿੰਗ ਕਰਵਾ ਲੈਂਦੇ ਨੇ। ਮੰਗ ਵਧਣ ’ਤੇ ਨੂਰਜਹਾਂ ਕਿਸਮ ਦੇ ਇਕ ਅੰਬ ਦੀ ਕੀਮਤ ਕਿੱਥੋਂ ਤੱਕ ਪਹੁੰਚ ਸਕਦੀ ਐ,, ਤੁਸੀਂ ਜਾਣ ਹੀ ਚੁੱਕੇ ਹੋ। ਜੇਕਰ ਇਸ ਅੰਬ ਦੀਆਂ ਕੁੱਝ ਹੋਰ ਖ਼ਾਸੀਅਤਾਂ ਬਾਰੇ ਗੱਲ ਕੀਤੀ ਜਾਵੇ ਤਾਂ :
ਕੀ ਨੇ ਨੂਰਜਹਾਂ ਅੰਬ ਦੀਆਂ ਖ਼ਾਸੀਅਤਾਂ?
- ‘ਨੂਰਜਹਾਂ’ ਅੰਬ ਦੀ ਕਿਸਮ ਮੂਲ ਤੌਰ ’ਤੇ ਅਫ਼ਗਾਨ ਮੂਲ ਦੀ ਇਹ ਕਿਸਮ ਹੈ।
- ਭਾਰਤ ’ਚ ਇਹ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਤੋਂ ਲੈ ਕੇ ਕਾਠੀਵਾੜਾ ਖੇਤਰ ’ਚ ਹੀ ਪਾਈ ਜਾਂਦੀ ਹੈ।
- ਇਸ ਦੇ ਰੁੱਖਾਂ ’ਤੇ ਦਸੰਬਰ ਤੱਕ ਬੂਰ ਆ ਜਾਂਦਾ ਹੈ ਅਤੇ ਇਹ ਜੂਨ ਤੱਕ ਪੱਕ ਕੇ ਤਿਆਰ ਹੋ ਜਾਂਦੇ ਨੇ।
- ਨੂਰਜਹਾਂ ਅੰਬ ਦਾ ਸਾਈਜ਼ ਅਤੇ ਵਜ਼ਨ ਸੱਚਮੁੱਚ ਸਾਰਿਆਂ ਨੂੰ ਹੈਰਾਨ ਕਰਦਾ ਹੈ।
- ਮੌਜੂਦਾ ਸਮੇਂ ‘ਨੂਰਜਹਾਂ’ ਦਾ ਇਕ ਅੰਬ 3800 ਰੁਪਏ ’ਚ ਵਿਕਿਆ, ਜਿਸ ਦਾ ਵਜ਼ਨ 3.30 ਕਿਲੋਗ੍ਰਾਮ ਸੀ।
- ਇਸ ਅੰਬ ਦੀ ਇਕ ਗੁਠਲੀ ਦਾ ਵਜ਼ਨ ਹੀ 150 ਤੋਂ 200 ਗ੍ਰਾਮ ਤੱਕ ਹੋ ਜਾਂਦਾ ਹੈ।
- ਇਹ ਖ਼ਾਸ ਅੰਬ ਕਰੀਬ ਇਕ ਫੁੱਟ ਲੰਬਾ ਅਤੇ 19 ਇੰਚ ਤਕ ਚੌੜਾ ਹੋ ਸਕਦਾ ਹੈ।
ਨੂਰਜਹਾਂ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਏ ਕਿ ਦਹਾਕਿਆਂ ਪਹਿਲਾਂ ਇਸ ਕਿਸਮ ਦੇ ਇਕ ਅੰਬ ਦਾ ਵਜ਼ਨ 7 ਕਿਲੋਗ੍ਰਾਮ ਤੱਕ ਹੁੰਦਾ ਸੀ,,, ਯਾਨੀ ਅੰਬਾਂ ਦੀ ਇਹ ਮਲਿਕਾ ਭਾਰਤ ਵਿਚ ਆ ਕੇ ਕਾਫ਼ੀ ਪਤਲੀ ਹੋ ਗਈ ਐ। ਜਲਵਾਯੂ ਪਰਿਵਰਤਨ, ਤਾਪਮਾਨ ’ਚ ਬਦਲਾਅ ਅਤੇ ਉਚਿਤ ਦੇਖਰੇਖ ਦੀ ਕਮੀ ਕਾਰਨ ਇਸ ਦੁਰਲੱਭ ਅੰਬ ਦੀ ਪੈਦਾਵਾਰ ਕਾਫ਼ੀ ਘੱਟ ਹੁੰਦੀ ਜਾ ਰਹੀ ਐ। ਮੱਧ ਪ੍ਰਦੇਸ਼ ਦੇ ਇਸ ਖੇਤਰ ਵਿਚ ਨੂਰਜਹਾਂ ਅੰਬ ਦੇ ਕੁੱਝ ਬਾਗ਼ ਹੀ ਬਾਕੀ ਬਚੇ ਨੇ,, ਜਿਨ੍ਹਾਂ ਨੂੰ ਹੋਰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਨੂਰਜਹਾਂ ਦੀ ਖੇਤੀ ਕਰਨ ਵਾਲੇ ਮੱਧ ਪ੍ਰਦੇਸ਼ ਦੇ ਕੁੱਝ ਕਿਸਾਨਾਂ ਨੂੰ ਇਸ ਦੀ ਪੈਦਾਵਾਰ ਕਰਨ ਦੇ ਲਈ ਸਰਕਾਰ ਵੱਲੋਂ ਆਲ ਇੰਡੀਆ ਮੈਂਗੋ ਸ਼ੋਅ ਵਿਚ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਏ। ਮਾਹਿਰਾਂ ਅਨੁਸਾਰ :
ਕੀ ਕਹਿੰਦੇ ਹਨ ਮਾਹਿਰ?
‘‘ਪਿਛਲੇ ਇਕ ਦਹਾਕੇ ਦੌਰਾਨ ਮਾਨਸੂਨੀ ਬਾਰਿਸ਼ ਵਿਚ ਦੇਰੀ, ਘੱਟ ਬਾਰਿਸ਼ ਅਤੇ ਜ਼ਿਆਦਾ ਬਾਰਿਸ਼ ਅਤੇ ਹੋਰ ਵਾਤਾਵਰਣ ਸਬੰਧੀ ਬਦਲਾਵਾਂ ਦੇ ਚਲਦਿਆਂ ਇਸ ਦੁਰਲੱਭ ਕਿਸਮ ਦੇ ਅੰਬਾਂ ਦੇ ਵਜੂਦ ’ਤੇ ਸੰਕਟ ਮੰਡਰਾ ਰਿਹਾ ਏ। ਅੰਬ ਦੀ ਇਹ ਪ੍ਰਜਾਤੀ ਮੌਸਮੀ ਉਤਾਰ ਚੜ੍ਹਾਅ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਐ। ਇਸ ਦੀ ਦੇਖ-ਰੇਖ ਓਵੇਂ ਹੀ ਕਰਨੀ ਹੁੰਦੀ ਐ, ਜਿਵੇਂ ਅਸੀਂ ਕਿਸੇ ਛੋਟੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਹਾਂ। ਸਰਕਾਰ ਨੂੰ ਅੰਬਾਂ ਦੀ ਇਸ ਮਲਿਕਾ ‘ਨੂਰਜਹਾਂ’ ਦੀ ਪੈਦਾਵਾਰ ਵੱਲ ਧਿਆਨ ਦੇਣ ਦੀ ਲੋੜ ਐ ਤਾਂ ਜੋ ਦੇਸ਼ ਵਿਚ ਇਸ ਦੁਰਲੱਭ ਕਿਸਮ ਦੇ ਅੰਬ ਦੀ ਕਾਸ਼ਤ ਹੋਰ ਵਧਾਈ ਜਾ ਸਕੇ।’’
ਦੱਸ ਦਈਏ ਕਿ ਮੁਗ਼ਲ ਰਾਣੀ ਦੇ ਨਾਂਅ ’ਤੇ ਬਣੀ ਇਹ ਦੁਰਲੱਭ ਅਤੇ ਸ਼ਾਨਦਾਰ ਕਿਸਮ ਹਰ ਮਾਇਨੇ ਵਿਚ ਅਨੋਖੀ ਮੰਨੀ ਜਾਂਦੀ ਐ,, ਸਦੀਆਂ ਪਹਿਲਾਂ ਇਹ ਕਿਸਮ ਅਫ਼ਗਾਨਿਸਤਾਨ ਤੋਂ ਗੁਜਰਾਤ ਹੁੰਦੇ ਹੋਏ ਭਾਰਤ ਪੁੱਜੀ ਸੀ ਅਤੇ ਮੱਧ ਪ੍ਰਦੇਸ਼ ਵਿਚ ਇਸ ਨੂੰ ਅਪਣਾ ਆਦਰਸ਼ ਸਥਾਨ ਮਿਲਿਆ। ਇਨ੍ਹਾਂ ਖ਼ਾਸ ਕਿਸਮ ਦੇ ਅੰਬਾਂ ਕਰਕੇ ਹੀ ਮੱਧ ਪ੍ਰਦੇਸ਼ ਦਾ ਕਾਠੀਵਾੜਾ ਖੇਤਰ ਕਾਫ਼ੀ ਮਸ਼ਹੂਰ ਹੈ।
