122 ਲੱਖ ਟਨ ਦਾ ਟੀਚਾ, 5 ਮਈ ਤਕ ਸਰ ਕਰ ਲਿਆ ਜਾਵੇਗਾ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪੰਜਾਬ ਸਰਕਾਰ ਦੇ ਅਨਾਜ ਸਪਲਾਈ ਵਿਭਾਗ ਨੇ 4 ਸਰਕਾਰ ਏਜੰਸੀਆਂ ਪਨਸਪ, ਪਨਗਰੇਨ, ਮਾਰਕਫ਼ੈੜ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਰਾਹੀਂ ਕੇਂਦਰੀ ਭੰਡਾਰ ਵਾਸਤੇ 122 ਲੱਖ ਟਨ ਕਣਕ ਖ਼ਰੀਦ ਟੀਚੇ ਦਾ 80 ਫ਼ੀ ਸਦੀ ਹਿੱਸਾ ਪੂਰਾ ਕਰ ਲਿਆ ਹੈ। ਕੱਲ੍ਹ ਸ਼ਾਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 95 ਲੱਖ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਬਾਕੀ ਅਗਲੇ 10 ਦਿਨਾਂ ਵਿਚ ਯਾਨੀ 5 ਮਈ ਤੱਕ ਪੂਰੀ ਹੋ ਜਾਵੇਗੀ ਪਰ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਕਿਸਾਨ ਦੀ ਫ਼ਸਲ ਦਾ ਦਾਣਾ ਦਾਣਾ ਚੁੱਕਣ ਲਈ ਮੰਡੀਆਂ 31 ਮਈ ਤੱਕ ਖੁਲ੍ਹੀਆਂ ਰਹਿਣਗੀਆਂ।
ਕਿਸਾਨਾਂ ਨੂੰ ਅਦਾਇਗੀ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਫ਼ਸਲ ਖ਼ਰੀਦ ਦੇ 48 ਘੰਟੇ ਅੰਦਰ ਅੰਦਰ ਬੈਂਕ ਰਾਹੀਂ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਾ ਰਹੀ ਹੈ ਜੋ ਹੁਣ ਤੱਕ 24,000 ਕਰੋੜ ਦੀ ਰਕਮ ਤਕ ਪਹੁੰਚ ਗਈ ਹੈ।
ਸੀਨੀਅਰ ਅਧਿਕਾਰੀ ਨੇ ਦਸਿਆ ਕਿ ਖ਼ਰੀਦੀ ਹੋਈ ਕਣਕ ਦੀ ਚੁਕਾਈ ਥੋੜ੍ਹੀ ਮੱਠੀ ਚਾਲ ਨਾਲ ਹੈ ਜਿਸ ਨੂੰ ਅਗਲੇ 2 ਦਿਨਾਂ ਵਿਚਚ ਤੇਜ਼ ਕਰ ਦਿਤਾ ਜਾਵੇਗਾ। ਅੰਕੜਿਆਂ ਅਨੁਸਾਰ ਮੰਡੀਆਂ ਵਿਚ ਰੋਜ਼ਾਨਾ ਕਣਕ ਦੀ ਆਮਦ ਹੁਣ 11 ਲੱਖ ਟਨ ਤੋਂ ਘੱਟ ਕੇ 5-6 ਲੱਖ ਟਨ ਰਹਿ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਹੋਰ ਘਟਦੀ ਜਾਵੇਗੀ। ਕੁਲ ਕੈਸ਼ ਕੈ੍ਰਡਿਟ ਲਿਮਟ ਜੋ 35,000 ਕਰੋੜ ਦੀ ਮਨਜ਼ੂਰ ਹੋਈ ਸੀ ਵਿਚੋਂ ਅਪ੍ਰੈਲ ਮਹੀਨੇ ਲਈ ਜਾਰੀ 30973 ਕਰੋੜ ਹੋਈ ਸੀ ਅਤੇ ਬਾਕੀ ਲੋੜ ਮੁਤਾਬਕ ਮਈ ਮਹੀਨੇ ਵਿਚ ਪਹੁੰਚ ਜਾਵੇਗੀ।
