ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਬੰਦ ਪਈਆਂ ਖੰਡ ਮਿੱਲਾਂ ਨੂੰ ਚਲਾਵੇ ਤੇ ਮੱਕੀ ਦੀ ਐਮਐਸਪੀ ਵਿਚ ਵੀ ਲੋੜੀਂਦਾ ਵਾਧਾ ਕਰੇ
ਮਾਲੇਰਕੋਟਲਾ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਦਾ ਮੌਸਮ ਇਥੋਂ ਦੀ ਆਬੋ-ਹਵਾ, ਵਾਤਾਵਰਣ, ਪੌਣ ਪਾਣੀ ਅਤੇ ਇਸ ਦੀ ਮਿੱਟੀ ਦੀ ਬਣਤਰ ਸਦੀਆਂ ਤੋਂ ਗੰਨੇ ਅਤੇ ਮੱਕੀ ਦੀ ਖੇਤੀ ਲਈ ਪੂਰੀ ਤਰ੍ਹਾਂ ਲਾਹੇਵੰਦ ਅਤੇ ਇਕਮਿਕ ਹੈ ਪਰ ਸਮੇਂ ਦੀਆਂ ਸਰਕਾਰਾਂ ਦੀਆਂ ਵਪਾਰਕ ਨੀਤੀਆਂ ਅਤੇ ਕਿਸਾਨਾਂ ਦੀ ਸਰੀਰਕ ਤੌਰ ’ਤੇ ਅਸਾਨ ਖੇਤੀ ਕਰਨ ਦੀ ਮਾਨਸਿਕਤਾ ਦੇ ਚਲਦਿਆਂ ਅਸੀਂ ਪੰਜਾਬ ਦੀਆਂ ਇਨ੍ਹਾਂ ਦੋਵਾਂ ਵਿਰਾਸਤੀ ਫ਼ਸਲਾਂ ਤੋਂ ਪਿਛਲੇ ਲਗਭਗ 40-50 ਸਾਲਾਂ ਤੋਂ ਮੂੰਹ ਮੋੜਦੇ ਅਤੇ ਲਗਾਤਾਰ ਦੂਰੀਆਂ ਬਣਾਉਂਦੇ ਜਾ ਰਹੇ ਹਾਂ।
ਗੰਨਾ ਇਕ ਤਰ੍ਹਾਂ ਨਾਲ ਪੱਕੀ ਫ਼ਸਲ ਹੈ ਜਿਹੜੀ ਹਰ ਤਰ੍ਹਾਂ ਦੇ ਮੌਸਮ ਜਿਵੇਂ ਝੱਖੜ, ਤੂਫਾਨ, ਹੜ੍ਹ ਅਤੇ ਸੋਕੇ ਦੀਆਂ ਵਧੀਕੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। 400 ਕਵਿੰਟਲ ਪ੍ਰਤੀ ਏਕੜ ਦਾ ਝਾੜ ਦੇਣ ਵਾਲੀ ਇਸ ਫ਼ਸਲ ਵਿਚੋਂ ਗੁੜ, ਸ਼ੱਕਰ, ਚੀਨੀ, ਸ਼ੀਰਾ, ਸ਼ਰਾਬ, ਅਲਕੋਹਲ ਅਤੇ ਈਥਾਨੋਲ ਕਢਿਆ ਜਾਂਦਾ ਹੈ। ਸਿਰਫ਼ ਇਹੀ ਇਕ ਫ਼ਸਲ ਹੈ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰਖਦੀ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਨੂੰ ਬਚਾਉਣ ਵਾਸਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢ ਸਕਦੀ ਹੈ।
ਇਹ ਫ਼ਸਲ ਪਸ਼ੂਆਂ ਦਾ ਸੱਭ ਤੋਂ ਲਾਹੇਵੰਦ ਚਾਰਾ ਮੰਨੀ ਜਾਂਦੀ ਹੈ ਜਦਕਿ ਇਸ ਦੀ ਰਹਿੰਦ ਖੂੰਹਦ ਨੂੰ ਡੂੰਘੇ ਟੋਏ ਵਿਚ ਦਬ ਕੇ ਇਸ ਦੀ ਆਰਗੈਨਿਕ ਖਾਦ ਵੀ ਬਣਾਈ ਜਾ ਸਕਦੀ ਹੈ। ਸਾਲ 2025-26 ਲਈ ਪੰਜਾਬ ਸਰਕਾਰ ਵਲੋਂ ਗੰਨੇ ਦੀ ਫ਼ਸਲ ਦਾ ਰੇਟ 416 ਰੁਪਏ ਪ੍ਰਤੀ ਕਵਿੰਟਲ ਨਿਸ਼ਚਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੱਕੀ ਦੀ ਫ਼ਸਲ ਵਿਚੋਂ ਵੀ ਹਰਾ ਚਾਰਾ, ਅਚਾਰ, ਮੱਕੀ ਦੀ ਰੋਟੀ, ਪਸ਼ੂਆਂ ਦੇ ਦੁੱਧ ਦਾ ਵਧੇਰੇ ਝਾੜ, ਪੋਲਟਰੀ ਫ਼ੀਡ, ਸਟਾਰਚ, ਪੈਕਡ ਫੂਡ ਤੋ ਇਲਾਵਾ ਇਹ ਫ਼ਸਲ ਵਿਟਾਮਿਨ ਏ,ਬੀ ਅਤੇ ਈ ਨਾਲ ਭਰਪੂਰ ਹੈ।
ਮੱਕੀ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਅਤੇ ਕੈਲਸਟਰੋਲ ਘਟਦਾ ਹੈ। ਇਹ ਫ਼ਸਲ ਝੋਨੇ ਨਾਲੋਂ 70 ਫ਼ੀ ਸਦੀ ਘੱਟ ਪਾਣੀ ਲੈਂਦੀ ਹੈ ਜਦਕਿ ਕੁਲ ਪਾਣੀ ਦਾ 90 ਫ਼ੀ ਸਦੀ ਧਰਤੀ ਵਿਚ ਸੰਭਾਲ ਕੇ ਰਖਦੀ ਹੈ। ਇਹ ਲਗਭਗ 95-100 ਦਿਨ ਦੀ ਫ਼ਸਲ ਹੈ ਜਿਸ ਵਿਚ 70 ਫ਼ੀ ਸਦੀ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ। ਸਰਕਾਰ ਵਲੋਂ ਇਸ ਦਾ ਰੇਟ 2225 ਰੁਪਏ ਪ੍ਰਤੀ ਕਵਿੰਟਲ ਨਿਸ਼ਚਿਤ ਕੀਤਾ ਗਿਆ ਹੈ। ਕਣਕ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਤਿਆਗ ਕੇ ਮੱਕੀ ਦੀ ਫ਼ਸਲ ਅਪਨਾਉਣ ਵਾਲਿਆਂ ਨੂੰ ਸੂਬਾ ਸਰਕਾਰ ਪ੍ਰਤੀ ਏਕੜ 17500 ਰੁਪਏ ਦੀ ਵਖਰੀ ਆਰਥਕ ਮਦਦ ਵੀ ਦਿੰਦੀ ਹੈ।
ਭਾਰਤ ਸਰਕਾਰ ਸੜਕਾਂ ਤੇ ਦੌੜਦੀਆਂ ਡੀਜ਼ਲ ਪਟਰੌਲ ਗੱਡੀਆਂ ਵਿਚ 20 ਫ਼ੀ ਸਦੀ ਈਥਾਨੋਲ ਮਿਲਾ ਕੇ ਵੇਚਦੀ ਹੈ ਅਤੇ ਸਾਲ 2030 ਤਕ ਇਸ ਦੀ ਮਿਕਦਾਰ 30 ਫ਼ੀ ਸਦੀ ਤਕ ਵਧਾਈ ਜਾ ਸਕਦੀ ਹੈ ਜਿਸ ਕਾਰਨ ਜਿਥੇ ਭਾਰਤ ਵਿਚ ਈਥਾਨੋਲ ਦੀ ਖਪਤ ਵਧੇਗੀ ਉੱਥੇ ਇਸ ਦੀ ਮੰਗ ਵੀ ਵਧੇਗੀ। ਗੰਨੇ ਅਤੇ ਮੱਕੀ ਦੀ ਫ਼ਸਲ ਈਥਾਨੋਲ ਦੇ ਸੱਭ ਤੋਂ ਵੱਡੇ ਸਰੋਤ ਹਨ। ਮੱਕੀ ਦੇ ਇਕ ਟਨ ਵਿਚੋਂ 380 ਲੀਟਰ ਈਥਾਨੋਲ ਕਢਿਆ ਜਾ ਸਕਦਾ ਹੈ ਜਦਕਿ ਗੰਨੇ ਦੀ ਪ੍ਰਤੀ ਟਨ ਫ਼ਸਲ ਵਿਚੋਂ 70 ਤੋਂ 85 ਲੀਟਰ ਈਥਾਨੋਲ ਹਾਸਲ ਕੀਤਾ ਜਾ ਸਕਦਾ ਹੈ।
ਬਰਾਜ਼ੀਲ ਗੰਨੇ ਦੀ ਸੱਭ ਤੋਂ ਵੱਡੀ ਖੇਤੀ ਕਰਦਾ ਹੈ ਅਤੇ ਉਸ ਵਿਚੋਂ ਈਥਾਨੋਲ ਕੱਢ ਕੇ ਅਪਣੀਆਂ ਗੱਡੀਆਂ ਵਿਚ 1975-80 ਤੋਂ ਲੈ ਕੇ ਹੁਣ ਤਕ 27 ਫ਼ੀ ਸਦੀ ਈਥਾਨੌਲ ਦੀ ਮਿਲਾਵਟ ਦੀ ਵਰਤੋਂ ਕਰਦਾ ਆ ਰਿਹਾ ਹੈ। ਇਸ ਤੇਲ ਨੂੰ ਈ-20 ਜਾਂ ਈ-27ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਅੰਦਰ ਮੱਕੀ ਅਤੇ ਗੰਨੇ ਦੀ ਵੱਡੀ ਪੱਧਰ ਤੇ ਕਾਸ਼ਤ ਕਰਨ ਨਾਲ ਜਿਥੇ ਕਿਸਾਨ ਵਧੇਰੇ ਈਥਾਨੌਲ ਪੈਦਾ ਕਰ ਸਕਣਗੇ ਉੱਥੇ ਆਮਦਨ ਦੇ ਵੱਧ ਸਾਧਨ ਵੀ ਪੈਦਾ ਕਰ ਸਕਣਗੇ। ਸੋ,ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਬੰਦ ਪਈਆਂ ਖੰਡ ਮਿੱਲਾਂ ਨੂੰ ਚਲਾਵੇ ਅਤੇ ਮੱਕੀ ਦੀ ਐਮ ਐਸ ਪੀ ਵਿਚ ਵੀ ਵਾਧਾ ਕਰੇ।
