ਖ਼ਬਰਾਂ |

ਤਾਜ਼ਾ |

ਮਾਨਸਿਕ ਤਣਾਅ ਆਦਮੀ ਦਾ ਸਭ ਤੋਂ ਵੱਡਾ ਦੁਸ਼ਮਣ
Published : Nov 2, 2026, 6:54 am IST
Updated : Nov 2, 2026, 6:54 am IST
SHARE ARTICLE
photo
photo

ਸਾਲ 2026 ਦਾ ‘ਕੌਮੀ ਤਣਾਅ ਜਾਗਰੁਕਤਾ ਦਿਵਸ’ ਨਵੰਬਰ ਦੇ ਪਹਿਲੇ ਬੁਧਵਾਰ ਭਾਵ 4 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ

ਸਾਲ 2026 ਦਾ ‘ਕੌਮੀ ਤਣਾਅ ਜਾਗਰੁਕਤਾ ਦਿਵਸ’ ਨਵੰਬਰ ਦੇ ਪਹਿਲੇ ਬੁਧਵਾਰ ਭਾਵ 4 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੰਤਵ ਤਣਾਅ ਦੇ ਪ੍ਰਭਾਵਾਂ ਨੂੰ ਸਮਝਣਾ ਅਤੇ ਘੱਟ ਕਰਨਾ ਹੈ, ਕਿਉਂਕਿ ਮਾਨਸਿਕ ਤਣਾਅ ਸਮੁੱਚੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਤ ਕਰਦਾ ਹੈ। ਇਸ ਵਿਸ਼ੇਸ਼ ਦਿਵਸ ਦਾ ਥੀਮ ‘ਕੰਮ ਕਾਜੀ ਥਾਵਾਂ ਨੂੰ ਮਨੁੱਖੀ ਰੂਪ ਦੇਣਾ’ ਤਾਂ ਜੋ ਅਜੋਕੀ ਤਕਨਾਲੋਜੀ ਵਾਲੀ ਦੌੜ ਭੱਜ ਅਤੇ ਤਣਾਅ ਭਰੀ ਜ਼ਿੰਦਗੀ ਵਿਚੋਂ ਮਾਨਸਕ ਦਬਾਵਾਂ ਨੂੰ ਘਟਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਤੇਜ਼ ਤਰਾਰ ਤਕਨਾਲੋਜੀ ਵਾਲੇ ਜ਼ਮਾਨੇ ਵਿਚ ਪੇਸ਼ੇਵਾਰਾਨਾ ਥਾਵਾਂ ਉੱਤੇ 75 ਫ਼ੀਸਦ ਲੋਕ ਮਾਨਸਕ ਅਤੇ ਭਾਵਨਾਤਮਕ ਦਬਾਅ ਵਿਚੋਂ ਲੰਘਦੇ ਹਨ ਜਿਸ ਨਾਲ ਅਨੇਕਾਂ ਸਰੀਰਕ ਅਤੇ ਦਿਮਾਗੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ ਵੱਧਣਾ, ਖਿਝੇ-ਖਿਝੇ ਰਹਿਣਾ ਅਤੇ ਹਰ ਵੇਲੇ ਥੱਕੇ-ਥੱਕੇ ਰਹਿਣਾ ਜਿਹੀਆਂ ਅਲਾਮਤਾਂ ਵੇਖਣ ਨੂੰ ਮਿਲਦੀਆਂ ਹਨ। ਮਾਹਰਾਂ ਅਨੁਸਾਰ ਮਨ ਦੇ ਸਕੂਨ ਨੂੰ ਮਨੁੱਖ ਦੀ ਸਮੁੱਚੀ ਤੰਦਰੁਸਤੀ ਦਾ ਅਹਿਮ ਹਿੱਸਾ ਸਮਝਦੇ ਹੋਏ ਉਨ੍ਹਾਂ ਵਲੋਂ ਆਮ ਜ਼ਿੰਦਗੀ ਅਤੇ ਕੰਮ ਕਾਜੀ ਥਾਵਾਂ ਉੱਤੇ ਤਣਾਅ ਨੂੰ ਪਹਿਲ ਦੇ ਆਧਾਰ ’ਤੇ ਘੱਟ ਕਰਨ ਦੇ ਲੋੜੀਂਦੇ ਉਪਰਾਲੇ ਕਰਨ ਉੱਤੇ ਜ਼ੋਰ ਦਿਤਾ ਜਾ ਰਿਹਾ ਹੈ ਤਾਕਿ ਲਮੇਰੀ ਉਮਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸੇ ਲਈ ‘ਵਿਸ਼ਵ ਸਿਹਤ ਸੰਗਠਨ’ ਵਲੋਂ ਕੰਮ ਕਾਜੀ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਥਾਵਾਂ ਉੱਤੇ ਖੁਸ਼ਨੁਮਾਂ ਅਤੇ ਹਮਦਰਦਪੂਰਵਕ ਵਾਤਾਵਰਣ ਨੂੰ ਮੁਹੱਇਆ ਕਰਾਉਣ ਉੱਤੇ ਜ਼ੋਰ ਦਿਤਾ ਗਿਆ ਹੈ।

ਵੱਖ-ਵੱਖ ਅਧਿਐਨਾਂ ਵਿਚ ਵੇਖਿਆ ਗਿਆ ਹੈ ਕਿ ਸਰੀਰਕ ਰੋਗਾਂ ਅਤੇ ਤਣਾਅ ਵਿਚ ਨੇੜੇ ਦਾ ਰਿਸ਼ਤਾ ਹੈ। ਉਦਾਹਰਣ ਵਜੋਂ ਤਣਾਅ ਅਤੇ ਕੈਂਸਰ ਦੀ ਆਪਸੀ ਸਹਿ-ਹੋਂਦ ਹੁੰਦੀ ਹੈ ਭਾਵ ਕਿ ਇਹ ਦੋਵੇਂ ਇਕ ਦੂਜੇ ਦੇ ਪੂਰਕ ਹੋ ਸਕਦੇ ਹਨ। ਇਸੇ ਤਰ੍ਹਾਂ ਤਣਾਅ ਅਤੇ ਦਿਲ ਦੀਆਂ ਬਿਮਾਰੀਆਂ ਸਹਿ-ਸਬੰਧਤ ਹਨ। ਜਦੋਂ ਕੋਈ ਆਦਮੀ ਚਿਰਕਾਲੀ ਸਰੀਰਕ ਬਿਮਾਰੀ ਭਾਵ ਲੰਮੀ ਬਿਮਾਰੀ ਤੋਂ ਪੀੜਤ ਹੁੰਦਾ ਹੈ ਤਾਂ ਉਹ ਬਿਮਾਰੀ ਬਾਰੇ ਸੋਚ-ਸੋਚ ਕੇ ਤਣਾਅ ਨਾਲ ਘਿਰ ਜਾਂਦਾ ਹੈ। ਇੰਝ ਕਹਿ ਲਉ ਕਿ ਤਣਾਅ ਆਦਮੀ ਨੂੰ ਦੋ ਤਰੀਕਿਆਂ ਨਾਲ ਪ੍ਰਭਾਵਤ ਕਰਦਾ ਹੈ। ਇਕ ਅਨੁਮਾਨ ਅਨੁਸਾਰ ਲੰਮੀ ਬਿਮਾਰੀ ਨਾਲ ਪੀੜਤ ਪੰਜ ਲੋਕਾਂ ਵਿਚੋਂ ਤਿੰਨ ਤਣਾਅ ਹੇਠ ਆ ਹੀ ਜਾਂਦੇ ਹਨ। ਟੀ.ਬੀ, ਏਡਸ, ਸ਼ੂਗਰ ਅਤੇ ਬਲੱਡ ਪਰੈੱਸ਼ਰ ਜਾਂ ਦਿਲ ਦੇ ਮਰੀਜ ਅਕਸਰ ਬਿਮਾਰੀ ਕਰ ਕੇ ਜਾਂ ਵਿੱਤੀ ਤੰਗੀ ਕਾਰਨ ਜਾਂ ਸਮਾਜਕ ਦਬਾਵਾਂ ਕਾਰਨ ਤਣਾਅ ਵਿਚ ਰਹਿੰਦੇ ਹਨ ਅਤੇ ਸਿੱਟੇ ਵਜੋਂ ਮਨੋਰੋਗੀ ਬਣ ਜਾਂਦੇ ਹਨ।

ਲੰਮੀ ਬਿਮਾਰੀ ਦਾ ਇਲਾਜ ਕਰਦਿਆਂ-ਕਰਦਿਆਂ ਕਿਤੇ ਨਾ ਕਿਤੇ ਰੁਪਏ-ਪੈਸੇ ਦੀ ਘਾਟ ਕਰ ਕੇ ਮਾਨਸਕ ਤਣਾਅ ਪੈਦਾ ਹੋਣਾ ਲਾਜ਼ਮੀ ਹੋ ਜਾਂਦਾ ਹੈ। ਤਣਾਅ ਕਾਰਨ ਲੋਕਾਂ ਵਿਚ ਆਤਮ ਹੱਤਿਆ ਦਾ ਰੁਝਾਨ ਵੀ ਵੱਧ ਜਾਂਦਾ ਹੈ। ਦੇਸ਼ ’ਚ ਹੋਏ ਜ਼ੁਰਮਾਂ ਦਾ ਰਿਕਾਰਡ ਰੱਖਣ ਵਾਲੀ ਕੌਮੀ ਏਜੰਸੀ ‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਮੁਤਾਬਕ ਸਾਲ 2023 ਵਿਚ 1,71,418 ਆਤਮ ਹੱਤਿਆ ਦੇ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦਾ ਸਿੱਧਾ ਸਬੰਧ ਆਦਮੀ ਦੇ ਮਾਨਸਕ ਤਣਾਅ ਨਾਲ ਹੈ। ਮਰਦਾਂ ਵਿਚ ਆਤਮ ਹੱਤਿਆ ਦਾ ਰੁਝਾਨ 72.8 ਫ਼ੀਸਦ ਅਤੇ ਮਹਿਲਾਵਾਂ ਵਿਚ 27.2 ਫ਼ੀਸਦ ਹੈ। ਮਾਹਰਾਂ ਦਾ ਵਿਚਾਰ ਹੈ ਕਿ ਜੇਕਰ ਦੇਸ਼ ਵਿਚ ਮੁੱਢਲੀਆਂ ਸਿਹਤ ਸੇਵਾਵਾਂ ਵਿਚ ਤਣਾਅ ਅਤੇ ਮਾਨਸਿਕ ਰੋਗਾਂ ਨੂੰ ਵੀ ਨਾਲ ਹੀ ਸ਼ਾਮਲ ਕਰ ਲਿਆ ਜਾਏ ਤਾਂ ਇਕ ਤਾਂ ਸਰੀਰਕ ਰੋਗੀਆਂ ਨੂੰ ਮਨੋਰੋਗਾਂ ਤੋਂ ਬਚਾਇਆ ਜਾ ਸਕਦਾ ਹੈ ਤੇ ਦੂਜਾ ਮਾਨਸਕ ਤਣਾਅ ਦੇ ਇਲਾਜ ਲਈ ਵੱਖਰੇ ਤੌਰ ’ਤੇ ਕੀਤੇ ਜਾਂਦੇ ਖ਼ਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ। 

ਵਿਸ਼ਵ ਸਿਹਤ ਸੰਗਠਨ ਅਨੁਸਾਰ ਮੌਜੂਦਾ ਦੌਰ ਵਿਚ ਸੰਸਾਰ ਭਰ ਵਿਚ ਤਣਾਅ ਸਮੁੱਚੀਆਂ ਮਨੁੱਖੀ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਬਣਿਆ ਹੋਇਆ ਹੈ। ਦੁਨੀਆ ਭਰ ਵਿਚ ਅੱਜ ਹਰ ਸੱਤਾਂ ਲੋਕਾਂ ਵਿਚੋਂ ਇਕ ਆਦਮੀ ਤਣਾਅ ਤੋਂ ਪੀੜਤ ਹੈ, ਜਿਨ੍ਹਾਂ ਦੀ ਕੁਲ ਗਿਣਤੀ ਇਕ ਅਰਬ ਤੋਂ ਜ਼ਿਆਦਾ ਬਣਦੀ ਹੈ। ਭਾਰਤ ਸਰਕਾਰ ਦੇ ਅਦਾਰੇ ‘ਕੌਮੀ ਮਾਨਸਿਕ ਸਿਹਤ ਸਰਵੇ’ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ 100 ਲੋਕਾਂ ਵਿਚੋਂ 15 ਲੋਕ ਤਣਾਅ ਅਤੇ ਖ਼ਰਾਬ ਮਾਨਸਕ ਸਿਹਤ ਦੇ ਸ਼ਿਕਾਰ ਹਨ।

ਪਿੰਡਾਂ ਦੀ ਬਜਾਏ ਸ਼ਹਿਰਾਂ ਵਿਚ ਇਨ੍ਹਾਂ ਦੀ ਫ਼ੀਸਦ ਕਿਤੇ ਜ਼ਿਆਦਾ ਹੈ। ਪਦਾਰਥਵਾਦ ਦੇ ਯੁੱਗ ਵਿਚ ਵੱਧ ਤੋਂ ਵੱਧ ਦੁਨੀਆਵੀ ਚੀਜ਼ਾਂ ਹਾਸਲ ਕਰਨ ਦੀ ਲਾਲਸਾ ਹੀ ਹੈ ਜਿਸ ਨੇ ਆਦਮੀ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਹਨ। ਇਨ੍ਹਾਂ ਚਿੰਤਾਵਾਂ ਨੇ ਹੀ ਉਸ ਦੀ ਜ਼ਿੰਦਗੀ ਵਿਚ ਤਣਾਅ ਪੈਦਾ ਕੀਤਾ ਹੈ। ਤਣਾਅ ਜਿੰਨਾ ਕਿਸੇ ਆਦਮੀ ਦੇ ਮਨ ਨੂੰ ਪ੍ਰੇਸ਼ਾਨ ਕਰਦਾ ਹੈ ਓਨਾ ਹੀ ਉਹ ਉਸ ਦੇ ਸਰੀਰ ਨੂੰ ਵੀ ਅੰਦਰੋਂ ਖੋਖਲਾ ਕਰਦਾ ਹੈ। ਮਾਨਸਕ ਤਣਾਅ ਆਦਮੀ ਦੀ ਦਿਮਾਗੀ ਬੇਚੈਨੀ ਦੀ ਅਜਿਹੀ ਅਵਸਥਾ ਹੁੰਦੀ ਹੈ ਜੋ ਕਿ ਉਸ ਦੀ ਸ਼ਖ਼ਸੀਅਤ ਨੂੰ ਘਬਰਾਹਟ, ਸ਼ੰਕਾ, ਡਰ ਅਤੇ ਮਾਨਸਕ ਪ੍ਰੇਸ਼ਾਨੀਆਂ ਆਦਿ ਜਿਹੇ ਨਾਂਹ-ਪੱਖੀ ਲੱਛਣਾਂ ਦੇ ਰੂਪ ਵਿਚ ਪ੍ਰਗਟ ਕਰਦੀ ਹੈ। ਮਨੋਵਿਗਿਆਨਕ ਮਾਹਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਤਣਾਅ ਵਿਚ ਰਹਿਣ ਵਾਲੇ ਬੰਦੇ ਦੀ ਇਕ ਦਿਨ ਅਜਿਹੀ ਅਵਸਥਾ ਵੀ ਆ ਜਾਂਦੀ ਹੈ ਕਿ ਉਸ ਨੂੰ ਅਪਣੀ ਜ਼ਿੰਦਗੀ ਚਿਤਾ ਸਮਾਨ ਲੱਗਣ ਲੱਗ ਜਾਂਦੀ ਹੈ। 

ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਤਣਾਅ ਦੇ ਅਨੇਕਾਂ ਕਾਰਨ ਹਨ, ਜਿਵੇਂ ਕਿ ਰੋਜ਼ੀ ਰੋਟੀ ਕਮਾਉਣ ਦੀ ਚਿੰਤਾ, ਬੱਚਿਆਂ ਦੀ ਪੜ੍ਹਾਈ ਦੀ ਚਿੰਤਾ, ਘਰੇਲੂ ਖ਼ਰਚਿਆਂ ਦੀ ਚਿੰਤਾ, ਸਕੂਲਾਂ-ਕਾਲਜਾਂ ਦੀਆਂ ਫੀਸਾਂ ਦੀ ਚਿੰਤਾ, ਬੱਚਿਆਂ ਨੂੰ ਕੰਮ-ਕਾਰ ’ਤੇ ਲਾਉਣ ਦੀ ਚਿੰਤਾ, ਸਿਹਤ ਵਿਗੜਣ ਦੀ ਚਿੰਤਾ, ਜ਼ਿੰਦਗੀ ਵਿਚ ਤਰੱਕੀ ਲਈ ਦੂਸਰਿਆਂ ਤੋਂ ਅੱਗੇ ਲੰਘਣ ਦੀ ਚਿੰਤਾ ਅਤੇ ਸਮਾਜ ਵਿਚ ਰੁਤਬਾ ਬਣਾਈ ਰੱਖਣ ਦੀ ਚਿੰਤਾ ਆਦਿ। ਇਕੱਲੇਪਣ ਤੋਂ ਤਣਾਅ ਪੈਦਾ ਹੋਣਾ ਬਿਰਧਾਂ ਵਿਚ ਖ਼ਾਸ ਕਰ ਕੇ ਵੇਖਿਆ ਜਾਂਦਾ ਹੈ। ਨੌਜਵਾਨ ਪੀੜ੍ਹੀ ਖ਼ਾਸ ਕਰ ਕੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਤਾਂ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਗੰਭੀਰ ਤਣਾਅ ਵਿਚੋਂ ਗੁਜ਼ਰਦੇ ਵੇਖੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਮਾਨਸਿਕ ਤਣਾਅ ਭਰੀ ਜ਼ਿੰਦਗੀ ਮਨੁੱਖ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ। ਇਸ ਨਾਲ ਅਨੇਕਾਂ ਸਰੀਰਕ ਤੇ ਮਾਨਸਕ ਬਿਮਾਰੀਆਂ ਲੱਗ ਜਾਂਦੀਆਂ ਹਨ। 

ਪੁਰਾਣੇ ਸਮੇਂ ਵਿਚ ਲੋਕਾਂ ਦੀਆਂ ਜ਼ਰੂਰਤਾਂ ਘੱਟ ਸਨ ਅਤੇ ਉਨ੍ਹਾਂ ਦਾ ਜੀਵਨ ਸਾਦਗੀ ਵਾਲਾ ਪਰ ਖੁਸ਼ਹਾਲ ਹੋਇਆ ਕਰਦਾ ਸੀ। ਸਬਰ-ਸੰਤੋਖ ਅਤੇ ਚਿੰਤਾ-ਮੁਕਤ ਜੀਵਨ ਜਿਊਣ ਕਰ ਕੇ ਉਹ ਲੋਕ ਤੰਦਰੁਸਤ ਅਤੇ ਲੰਮਾ ਜੀਵਨ ਬਤੀਤ ਕਰਿਆ ਕਰਦੇ ਸਨ। ਅੱਜ ਵੀ ਸਾਧਾਰਨ ਪ੍ਰਵਾਰਾਂ ਦੇ ਮਰਦ, ਔਰਤਾਂ ਅਤੇ ਬੱਚੇ ਅਮੀਰ ਪ੍ਰਵਾਰਾਂ ਦੇ ਜੀਆਂ ਨਾਲੋਂ ਵਧੇਰੇ ਤਕੜੇ ਅਤੇ ਸਿਹਤਮੰਦ ਹੁੰਦੇ ਹਨ ਕਿਉਂਕਿ ਉਹ ਚਿੰਤਾ-ਮੁਕਤ ਰਹਿੰਦੇ ਹਨ। ਇਕ ਮੱਧਵਰਗੀ ਪ੍ਰਵਾਰ ਨੂੰ ਅਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਦਾ ਝੋਰਾ ਲੱਗਾ ਰਹਿੰਦਾ ਹੈ। ਵਿਦਿਆਰਥੀਆਂ ਨੂੰ ਪੜ੍ਹ ਕੇ ਪਾਸ ਹੋਣ ਦਾ ਅਤੇ ਚੰਗੇ ਨੰਬਰ ਲੈਣ ਦਾ ਫਿਕਰ ਲੱਗਾ ਰਹਿੰਦਾ ਹੈ। ਕਿਸੇ ਹੱਦ ਤਕ ਉਨ੍ਹਾਂ ਵਿਚ ਤਣਾਅ ਪੈਦਾ ਹੋਣਾ ਜਾਇਜ਼ ਵੀ ਹੈ ਕਿਉਂਕਿ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਰੁਜ਼ਗਾਰ ਦੇ ਮੌਕੇ ਤਾਂ ਸਭ ਤੋਂ ਵਧੀਆ ਰੈਂਕ ਲੈਣ ਵਾਲੇ ਉਮੀਦਵਾਰਾਂ ਨੂੰ ਹੀ ਮਿਲਦੇ ਹਨ। 
- ਅਸ਼ਵਨੀ ਚਤਰਥ 
ਮੋ. 6284220595

Location: India, Punjab

SHARE ARTICLE

ਸਪੋਕਸਮੈਨ FACT CHECK

Advertisement

? LIVE | 16 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

16 Nov 2026 1:45 PM

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM
Advertisement