Diwali Special 2026 Article: ਸਾਫ਼ ਘਰ ਵਿਚ ਲਕਸ਼ਮੀ ਦਾ ਹੁੰਦਾ ਵਾਸ
ਪੰਜਾਬ ਵਿਚ ਕਹਾਵਤ ਹੈ - "ਜਿੱਥੇ ਸਫਾਈ, ਉੱਥੇ ਰੱਬ ਦਾ ਵਾਸਾ"। ਦੀਵਾਲੀ ਤੋਂ ਪਹਿਲਾਂ ਦੀ ਸਫਾਈ ਕੋਈ ਰਸਮ ਨਹੀਂ, ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਅਸੀਂ ਮੰਨਦੇ ਹਾਂ ਕਿ ਜਦੋਂ ਘਰ ਸਾਫ਼-ਸੁਥਰਾ ਹੋਵੇਗਾ, ਤਦ ਹੀ ਮਾਂ ਲਕਸ਼ਮੀ ਸਾਡੇ ਘਰ ਵਿਚ ਵਾਸ ਕਰੇਗੀ। ਪਰ ਅਸਲ ਵਿਚ ਇਹ ਸਫਾਈ ਸਾਨੂੰ ਨਵੀਂ ਊਰਜਾ, ਨਵੀਂ ਸੋਚ ਅਤੇ ਸਕੂਨ ਦਿੰਦੀ ਹੈ।
ਆਓ, ਇਸ ਦੀਵਾਲੀ ਦੀ ਸਫਾਈ ਨੂੰ ਬੋਝ ਨਹੀਂ, ਤਿਉਹਾਰ ਬਣਾਈਏ। ਹਰ ਕਮਰੇ 'ਚੋਂ ਉਹ ਚੀਜ਼ਾਂ ਕੱਢੋ ਜੋ 1 ਸਾਲ ਤੋਂ ਵਰਤੀਆਂ ਨਹੀਂ। ਟੁੱਟੇ ਖਿਡੌਣੇ, ਪੁਰਾਣੇ ਅਖਬਾਰ, ਛੋਟੇ ਹੋ ਚੁੱਕੇ ਕੱਪੜੇ, ਖਾਲੀ ਡੱਬੇ। ਪੰਜਾਬੀਆਂ ਦਾ ਦਿਲ ਵੱਡਾ ਹੈ, ਪੁਰਾਣੇ ਕੱਪੜੇ ਕਿਸੇ ਲੋੜਵੰਦ ਨੂੰ ਦੇ ਦਿਓ, ਇਹ ਵੀ ਦੀਵਾਲੀ ਦੀ ਅਸਲ ਖੁਸ਼ੀ ਹੈ। ਸਭ ਤੋਂ ਔਖਾ ਕੰਮ ਪਹਿਲਾਂ ਮੁਕਾਓ, ਕਮਰੇ, ਅਲਮਾਰੀਆਂ ਤੇ ਛੱਤਾਂ ਦੀ ਸਫ਼ਾਈ ਕਰੋ।
ਰਸੋਈ 'ਚ ਤੇਲ ਦੀ ਚਿਕਨਾਈ ਸਭ ਤੋਂ ਵੱਡੀ ਦੁਸ਼ਮਣ ਹੈ। ਗਰਮ ਪਾਣੀ ਵਿੱਚ ਨਿੰਬੂ ਅਤੇ ਬੇਕਿੰਗ ਸੋਡਾ ਪਾ ਕੇ ਚਿਮਨੀ, ਟਾਈਲਾਂ ਅਤੇ ਸਲੈਬ ਸਾਫ਼ ਕਰੋ, ਚਮਕ ਪੈ ਜਾਣਗੇ। ਮਸਾਲਿਆਂ ਵਾਲੇ ਡੱਬੇ ਧੁੱਪੇ ਲਾਓ, ਪੁਰਾਣੇ ਹੋਏ ਮਸਾਲੇ ਸੁੱਟ ਦਿਓ। ਫਰਿੱਜ ਨੂੰ ਖਾਲੀ ਕਰਕੇ ਸਿਰਕੇ ਵਾਲੇ ਪਾਣੀ ਨਾਲ ਸਾਫ਼ ਕਰੋ।
ਅਲਮਾਰੀਆਂ ਅਤੇ ਸਟੋਰ
ਕੱਪੜਿਆਂ ਵਾਲੀ ਅਲਮਾਰੀ 'ਚੋਂ ਸਾਰੇ ਕੱਪੜੇ ਕੱਢੋ। ਅਲਮਾਰੀ ਨੂੰ ਅੰਦਰੋਂ ਨਿੰਮ ਦੇ ਪੱਤਿਆਂ ਜਾਂ ਕਪੂਰ ਨਾਲ ਪੂੰਝੋ, ਕੀੜਾ ਨਹੀਂ ਲੱਗੇਗਾ। ਕੱਪੜਿਆਂ ਨੂੰ ਤਹਿ ਲਾ ਕੇ ਫੇਰ ਲਾਓ। ਨੈਫਥਲੀਨ ਦੀਆਂ ਗੋਲੀਆਂ ਦੀ ਥਾਂ ਲਵੈਂਡਰ ਦੀ ਪੋਟਲੀ ਰੱਖੋ, ਖੁਸ਼ਬੂ ਬਣੀ ਰਹੇਗੀ।
ਛੱਤਾਂ, ਪੱਖੇ ਅਤੇ ਕੋਨੇ-ਖੁਦਰੇ
ਪੱਖਿਆਂ ਦੀ ਧੂੜ ਪਹਿਲਾਂ ਪੁਰਾਣੇ ਕੱਪੜੇ ਨਾਲ ਸਾਫ਼ ਕਰੋ। ਮਕੜੀ ਦੇ ਜਾਲੇ ਲਾਹੁਣ ਤੋਂ ਬਾਅਦ ਕੰਧਾਂ ਨੂੰ ਗਿੱਲੇ ਕੱਪੜੇ ਨਾਲ ਪੂੰਝੋ।
ਮੁੱਖ ਦਰਵਾਜ਼ਾ
ਇਹੀ ਤਾਂ ਉਹ ਥਾਂ ਹੈ ਜਿੱਥੋਂ ਲਕਸ਼ਮੀ ਨੇ ਅੰਦਰ ਆਉਣਾ ਹੈ। ਮੁੱਖ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ, ਉੱਥੇ ਰੰਗੋਲੀ ਬਣਾਓ ਅਤੇ ਫੁੱਲਾਂ ਦੀ ਬੰਦਨਵਾਰ ਲਾਓ।
ਯਾਦ ਰੱਖੋ, ਦੀਵਾਲੀ ਦੀ ਸਫਾਈ ਦਾ ਮਤਲਬ ਸਿਰਫ਼ ਧੂੜ ਕੱਢਣਾ ਨਹੀਂ। ਇਹ ਆਪਣੇ ਅੰਦਰੋਂ ਗੁੱਸਾ, ਈਰਖਾ ਅਤੇ ਨਕਾਰਾਤਮਕ ਸੋਚ ਦਾ ਕਬਾੜ ਕੱਢਣ ਦਾ ਵੀ ਮੌਕਾ ਹੈ।
