ਖ਼ਬਰਾਂ |

ਤਾਜ਼ਾ |

ਚੇਤਿਆਂ 'ਚ ਅੱਜ ਵੀ ਖੜਕਦੀ ਹੈ ਡਾਕੀਏ ਦੇ ਸਾਈਕਲ ਦੀ ਘੰਟੀ

By : GAGANDEEP

Published : Mar 29, 2026, 7:22 am IST
Updated : Mar 29, 2026, 7:22 am IST
SHARE ARTICLE
The postman's bicycle bell
The postman's bicycle bell

ਸੂਚਨਾ ਤਕਨਾਲੋਜੀ ਦੇ ਕ੍ਰਾਂਤੀਕਾਰੀ ਯੁੱਗ 'ਚ ਸੁਨੇਹਿਆਂ ਦੇ ਆਦਾਨ ਪ੍ਰਦਾਨ ਲਈ ਬੇਸ਼ੁਮਾਰ ਤੇਜ਼ ਤਰਾਰ ਸਾਧਨ ਮੌਜੂਦ ਹਨ

ਸੂਚਨਾ ਤਕਨਾਲੋਜੀ ਦੇ ਕ੍ਰਾਂਤੀਕਾਰੀ ਯੁੱਗ ’ਚ ਸੁਨੇਹਿਆਂ ਦੇ ਆਦਾਨ ਪ੍ਰਦਾਨ ਲਈ ਬੇਸ਼ੁਮਾਰ ਤੇਜ਼ ਤਰਾਰ ਸਾਧਨ ਮੌਜੂਦ ਹਨ। ਸੋਸ਼ਲ ਮੀਡੀਆ ਦੇ ਤਮਾਮ ਸਾਧਨਾਂ ਦੇ ਨਾਲ ਨਾਲ ਈਮੇਲ ਆਦਿ ਜ਼ਰੀਏ ਅੱਖ ਝਪਕਣ ਦੇ ਸਮੇਂ ’ਚ ਸੁਨੇਹਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦਾ ਹੈ। ਸੂਚਨਾ ਤਕਨੀਕ ਦੇ ਇਨ੍ਹਾਂ ਆਧੁਨਿਕ ਸਾਧਨਾਂ ਲਈ ਦੂਰੀ ਦੇ ਕੋਈ ਮਾਅਨੇ ਨਹੀਂ ਹਨ। ਲੱਖਾਂ ਕਿਲੋਮੀਟਰ ਦੀ ਦੂਰੀ ’ਤੇ ਵੀ ਅੱਖ ਦੇ ਫੋਰ ’ਚ ਸੁਨੇਹਾ ਪਹੁੰਚ ਜਾਂਦਾ ਹੈ।

ਕੋਈ ਸਮਾਂ ਸੀ ਜਦੋਂ ਸੁਨੇਹਿਆਂ ਦਾ ਆਦਾਨ ਪ੍ਰਦਾਨ ਪੰਛੀਆਂ ਦੇ ਸਹਾਰੇ ਕੀਤਾ ਜਾਂਦਾ ਸੀ। ਪੰਛੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਚਿੱਠੀਆਂ ਪਹੁੰਚਾਇਆ ਕਰਦੇ ਸਨ। ਫਿਰ ਸੁਨੇਹਿਆਂ ਦੇ ਆਦਾਨ ਪ੍ਰਦਾਨ ਲਈ ਡਾਕ ਵਿਭਾਗ ਦੀ ਸਥਾਪਨਾ ਹੋਈ। ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਕਰਦੀ ਚਿੱਠੀ ਨੂੰ ਟਿਕਾਣੇ ’ਤੇ ਪਹੁੰਚਾਉਣ ਵਾਲੇ ਕਰਮਚਾਰੀ ਨੂੰ ਡਾਕੀਆ ਕਿਹਾ ਜਾਣ ਲੱਗਿਆ। ਡਾਕੀਏ ਵਲੋਂ ਚਿੱਠੀਆਂ ਪਹੁੰਚਾਉਣ ਬਾਬਤ ਬਹੁਤ ਸਾਰੇ ਗੀਤਾਂ ਦੀ ਰਚਨਾ ਵੀ ਹੋਈ। ਡਾਕੀਆ ਆਮ ਤੌਰ ’ਤੇ ਸਾਈਕਲ ’ਤੇ ਸਵਾਰ ਹੋ ਕੇ ਚਿੱਠੀਆਂ ਨੂੰ ਮੰਜ਼ਿਲ ’ਤੇ ਪਹੁੰਚਾਉਂਦਾ ਹੁੰਦਾ ਸੀ।

ਚਿੱਠੀ ਦੇ ਮੰਜ਼ਿਲ ਸਥਾਨ ’ਤੇ ਪਹੁੰਚ ਡਾਕੀਆ ਸਾਈਕਲ ’ਤੇ ਲੱਗੀ ਘੰਟੀ ਜਿਸ ਨੂੰ ਟੱਲੀ ਵੀ ਕਹਿੰਦੇ ਹਨ ਵਜਾ ਕੇ ਅਪਣੀ ਆਮਦ ਦੀ ਸੂਚਨਾ ਦਿਆ ਕਰਦਾ ਸੀ। ਚਿੱਠੀ ਦੀ ਉਡੀਕ ਕਰਦੇ ਵਿਅਕਤੀ ਜਾਂ ਪ੍ਰਵਾਰ ਨੂੰ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ। ਪਹਿਲਾਂ ਪਹਿਲ ਪ੍ਰਵਾਰਾਂ ਵਿਚ ਪੜ੍ਹੇ ਲਿਖੇ ਮੈਂਬਰਾਂ ਦੀ ਗਿਣਤੀ ਘੱਟ ਹੁੰਦੀ ਸੀ। ਅਨਪੜ੍ਹ ਪ੍ਰਵਾਰ ਡਾਕੀਏ ਤੋਂ ਜਾਂ ਕਿਸੇ ਪੜ੍ਹੇ ਲਿਖੇ ਵਿਅਕਤੀ ਤੋਂ ਚਿੱਠੀ ਲਿਖਵਾਇਆ ਕਰਦੇ ਸਨ। ਅਨਪੜ੍ਹ ਪ੍ਰਵਾਰ ਡਾਕੀਏ ਤੋਂ ਹੀ ਚਿੱਠੀ ਪੜ੍ਹਾ ਲਿਆ ਕਰਦੇ ਸਨ।

ਤਿਉਹਾਰਾਂ ਦੇ ਦਿਨਾਂ ਦੌਰਾਨ ਡਾਕੀਏ ਦਾ ਕੰਮ ਬਹੁਤ ਵਧ ਜਾਂਦਾ ਸੀ ਕਿਉਂਕਿ ਪੜ੍ਹੇ ਲਿਖੇ ਲੋਕ ਇਕ ਦੂਜੇ ਨੂੰ ਗ੍ਰੀਟਿੰਗ ਕਾਰਡ ਭੇਜ ਕੇ ਸ਼ੁਭਕਾਮਨਾਵਾਂ ਦਿਆ ਕਰਦੇ ਸਨ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਟ੍ਰੇਨਿੰਗ ਪੂਰੀ ਕਰ ਕੇ ਵਾਪਸ ਆਏ ਤਾਂ ਇਕ ਦੂਜੇ ਨੂੰ ਚਿੱਠੀਆਂ ਪਾਉਣ ਅਤੇ ਤਿਉਹਾਰਾਂ ਮੌਕੇ ਗ੍ਰੀਟਿੰਗ ਕਾਰਡ ਭੇਜਣ ਦਾ ਸਿਲਸਿਲਾ ਬੜੀ ਤੇਜ਼ੀ ਨਾਲ ਚੱਲਿਆ। ਦੋਸਤਾਂ ਮਿੱਤਰਾਂ ਦੇ ਪੱਤਰਾਂ ਅਤੇ ਗ੍ਰੀਟਿੰਗ ਕਾਰਡਾਂ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ। ਪੱਤਰਾਂ ਦੀ ਆਮਦ ਵੱਧ ਹੋਣ ਕਾਰਨ ਸਾਡੇ ਪਿੰਡ ਵਾਲਾ ਡਾਕੀਆ ਨਿਰੰਜਨ ਦਾਸ ਮੇਰੇ ਨਾਲ ਕਾਫ਼ੀ ਵਾਕਫੀਅਤ ਰੱਖਣ ਲੱਗ ਪਿਆ ਸੀ। ਪਹਿਲਾਂ ਪਹਿਲ ਅਖ਼ਬਾਰਾਂ ਨੂੰ ਰਚਨਾਵਾਂ ਵੀ ਡਾਕ ਰਾਹੀਂ ਹੀ ਭੇਜੀਆਂ ਜਾਂਦੀਆਂ ਸਨ। ਲਿਫ਼ਾਫ਼ੇ ਉੱਪਰ ਜਿਸ ਨੂੰ ਪੱਤਰ ਭੇਜਣਾ ਹੈ ਉਸ ਦਾ ਪਤਾ ਲਿਖਣ ਦੇ ਨਾਲ ਨਾਲ ਭੇਜਣ ਵਾਲੇ ਦਾ ਪਤਾ ਵੀ ਲਿਖਿਆ ਜਾਂਦਾ ਸੀ। ਮੇਰੀ ਲੇਖਣੀ ਦਾ ਨਵਾਂ ਨਵਾਂ ਸਫ਼ਰ ਸ਼ੁਰੂ ਹੋਇਆ ਸੀ।

ਮੇਰੇ ਵਲੋਂ ਅਕਸਰ ਹੀ ਅਖ਼ਬਾਰਾਂ ਨੂੰ ਡਾਕ ਰਾਹੀਂ ਲੇਖ ਭੇਜਣ ਕਰ ਕੇ ਡਾਕੀਆ ਮੇਰਾ ਵਧੀਆ ਜਾਣਕਾਰ ਬਣ ਗਿਆ ਸੀ। ਡਾਕੀਏ ਕੋਲ ਚੌਂਕੀਦਾਰ ਵਾਂਗ ਪਿੰਡ ਦੀ ਸਾਰੀ ਜਾਣਕਾਰੀ ਹੁੰਦੀ ਸੀ। ਪਰ ਫਿਰ ਵੀ ਕਈ ਨਵੀਂ ਉਮਰ ਦੇ ਮੁੰਡੇ ਕੁੜੀਆਂ ਦੇ ਨਾਮ ਆਈਆਂ ਚਿੱਠੀਆਂ ਨੂੰ ਪਹੁੰਚਾਉਣਾ ਡਾਕੀਏ ਲਈ ਮੁਸ਼ਕਲ ਹੋ ਜਾਂਦਾ ਸੀ। ਸਾਡੇ ਪਿੰਡ ਦਾ ਡਾਕੀਆ ਨਿਰੰਜਨ ਦਾਸ ਅਕਸਰ ਹੀ ਮੇਰੇ ਤੋਂ ਅਜਿਹੇ ਪਤਿਆਂ ਵਾਲੀਆਂ ਚਿੱਠੀਆਂ ਦੀ ਜਾਣਕਾਰੀ ਮੰਗ ਲੈਂਦਾ ਸੀ। ਇਹ ਉਸ ਦੀ ਕੰਮ ਪ੍ਰਤੀ ਸੁਹਿਰਦਤਾ ਸੀ ਕਿ ਉਹ ਚਿੱਠੀ ਪਹੁੰਚਾਉਣ ਵਿਚ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਸੀ ਕਰਦਾ। ਕਈ ਡਾਕੀਏ ਅਜਿਹੇ ਪੱਤਰ ਵਾਪਸ ਕਰ ਦਿੰਦੇ ਸਨ। ਪਰ ਨਿਰੰਜਨ ਦਾਸ ਅਜਿਹੇ ਪੱਤਰਾਂ ਵਾਲੇ ਪਤਿਆਂ ਦੀ ਕਈ ਕਈ ਦਿਨ ਤਲਾਸ਼ ਕਰਦਾ ਰਹਿੰਦਾ।

ਡਾਕੀਏ ਆਮ ਤੌਰ ’ਤੇ ਬਾਅਦ ਦੁਪਹਿਰ ਤਿੰਨ ਕੁ ਵਜੇ ਤਕ ਡਾਕ ਵੰਡਣ ਦਾ ਕੰਮ ਨਿਪਟਾਇਆ ਕਰਦੇ ਸਨ। ਅਸੀਂ ਵੀ ਅਪਣੀ ਚਿੱਠੀ ਦੀ ਉਡੀਕ ਵਿਚ ਡਾਕੀਏ ਨੂੰ ਉਡੀਕਦੇ ਰਹਿਣਾ। ਪਰ ਤਿੰਨ ਵਜੇ ਤੋਂ ਬਾਅਦ ਉਡੀਕ ਖ਼ਤਮ ਹੋ ਜਾਣੀ। ਅਗਲੇ ਦਿਨ ਫਿਰ ਉਡੀਕ ਦਾ ਸਿਲਸਿਲਾ ਸ਼ੁਰੂ ਹੋ ਜਾਣਾ। ਉਸ ਦਿਨ ਦੀ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਜਿਸ ਦਿਨ ਉਹ ਮੇਰਾ ਸਰਕਾਰੀ ਨੌਕਰੀ ਦਾ ਖ਼ਾਕੀ ਲਿਫ਼ਾਫ਼ੇ ਵਾਲਾ ਪੱਤਰ ਲੈ ਕੇ ਆਇਆ ਸੀ। ਪੱਤਰ ਫੜਾਉਂਦਿਆਂ ਉਸ ਵਲੋਂ ਦਿਤੀਆਂ ਵਧਾਈਆਂ ਵੀ ਅੱਜ ਤਕ ਯਾਦ ਹਨ। ਇਸ ਤਰ੍ਹਾਂ ਡਾਕੀਏ ਕੋਲ ਪਿੰਡ ਵਿਚ ਨੌਜਵਾਨਾਂ ਨੂੰ ਮਿਲਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਵੀ ਪੂਰੀ ਜਾਣਕਾਰੀ ਹੁੰਦੀ ਸੀ, ਕਿਉਂਕਿ ਹਰ ਨਿਯੁਕਤੀ ਪੱਤਰ ਡਾਕੀਏ ਰਾਹੀਂ ਹੀ ਸਬੰਧਤ ਤਕ ਪਹੁੰਚਦਾ ਸੀ।

ਸ਼ੁਰੂ ਸ਼ੁਰੂ ਵਿਚ ਡਾਕ ਦੀ ਲੇਟ ਲਤੀਫੀ ਨਾਲ ਨਿਪਟਣ ਲਈ ਕੋਰੀਅਰ ਦੀ ਸੇਵਾ ਆਈ। ਕਈ ਕਈ ਦਿਨਾਂ ਉਪਰੰਤ ਅਪਣੀ ਮੰਜ਼ਿਲ ’ਤੇ ਪਹੁੰਚਣ ਵਾਲੇ ਪੱਤਰ ਦੂਜੇ ਜਾਂ ਤੀਜੇ ਦਿਨ ਅਪਣੀ ਮੰਜ਼ਿਲ ’ਤੇ ਪਹੁੰਚਣ ਲੱਗੇ। ਅਖ਼ਬਾਰਾਂ ਨੇ ਵੀ ਅਕਸਰ ਡਾਕ ਦੀ ਬਜਾਏ ਕੋਰੀਅਰ ਰਾਹੀਂ ਆਰਟੀਕਲ ਭੇਜਣ ਦੀ ਮੰਗ ਕਰਨੀ। ਅੱਜਕਲ ਡਾਕ ਵਿਭਾਗ ਰਾਹੀਂ ਪੱਤਰ ਭੇਜਣ ਦੀ ਗਿਣਤੀ ਨਾਂਹ ਦੇ ਬਰਾਬਰ ਹੈ। ਹੁਣ ਡਾਕ ਵਿਭਾਗ ਕੋਲ ਪੱਤਰਾਂ ਦੀ ਵੰਡ ਦੀ ਬਜਾਏ ਬੈਂਕਾਂ ਵਾਂਗ ਪੈਸੇ ਦਾ ਕੰਮ ਜ਼ਿਆਦਾ ਹੈ। ਸਮੇਂ ਦੀ ਮੰਗ ਅਨੁਸਾਰ ਡਾਕ ਵਿਭਾਗ ਵਲੋਂ ਵੀ ਸਪੀਡ ਪੋਸਟ ਅਤੇ ਕੋਰੀਅਰ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ।

ਸੂਚਨਾ ਤਕਨੀਕ ਦੀ ਕ੍ਰਾਂਤੀ ’ਚ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਕਿਧਰੇ ਗੁੰਮ ਗਈ ਹੈ। ਅੱਜਕਲ ਦੇ ਬੱਚਿਆਂ ਨੂੰ ਤਾਂ ਸ਼ਾਇਦ ਇਹ ਪਤਾ ਵੀ ਨਾ ਹੋਵੇ ਕਿ ਕਿਸੇ ਸਮੇਂ ਪੱਤਰਾਂ ਦੇ ਆਦਾਨ ਪ੍ਰਦਾਨ ਦਾ ਕੰਮ ਡਾਕੀਆ ਕਰਦਾ ਸੀ। ਪੱਤਰ ਰਾਹੀਂ ਕਿਸੇ ਸੁਨੇਹੇ ਨੂੰ ਪਹੁੰਚਣ ਵਿਚ ਕਈ ਕਈ ਦਿਨਾਂ ਦਾ ਸਮਾਂ ਲੱਗਣਾ ਆਧੁਨਿਕ ਪੀੜ੍ਹੀ ਲਈ ਕਿਸੇ ਅਚੰਭੇ ਤੋਂ ਘੱਟ ਨਹੀਂ। ਪਰ ਜਿਨ੍ਹਾਂ ਨੇ ਪੱਤਰਾਂ ਦਾ ਉਹ ਦੌਰ ਹੰਢਾਇਆ ਹੈ ਉਨ੍ਹਾਂ ਦੇ ਚੇਤਿਆਂ ’ਚ ਅੱਜ ਵੀ ਡਾਕੀਏ ਦੇ ਸਾਈਕਲ ਦੀ ਘੰਟੀ  ਦੀ ਆਵਾਜ਼ ਵਸੀ ਹੋਈ ਹੈ। ਇਸ ਦੌਰ ਨੂੰ ਹੰਢਾਉਣ ਵਾਲਿਆਂ ਨੂੰ ਪਤਾ ਹੈ ਕਿ ਪੱਤਰ ਦੀ ਉਡੀਕ ਵਿਚ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਉਡੀਕਣ ਦਾ ਕੀ ਸਵਾਦ ਹੁੰਦਾ ਸੀ।
ਬਿੰਦਰ ਸਿੰਘ ਖੁੱਡੀ ਕਲਾਂ  
(ਮੋ. 98786-05965)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement