ਵੱਡਾ ਹਾਦਸਾ ਟਲਿਆ, ਪਾਇਲਟਾਂ ਨੂੰ ਡਿਊਟੀ ਤੋਂ ਹਟਾਇਆ
ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ’ਤੇ ਵੀਰਵਾਰ ਦੁਪਹਿਰ ਨੂੰ ਟੈਕਸੀਵੇਅ ’ਤੇ ਆਕਾਸ਼ ਏਅਰ ਅਤੇ ਸਪਾਈਸਜੈੱਟ ਜਹਾਜ਼ਾਂ ਦੇ ਵਿੰਗ ਟਕਰਾਉਣ ਕਾਰਨ ਦੋਵਾਂ ਜਹਾਜ਼ਾਂ ਨੂੰ ਹੋਏ ਨੁਕਸਾਨ ਕਾਰਨ ਉਨ੍ਹਾਂ ਉਡਾਣ ਭਰਨ ਤੋਂ ਰੋਕ ਦਿਤਾ ਗਿਆ। ਡੀਜੀਸੀਏ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ’ਤੇ ਆਕਾਸ਼ ਏਅਰ-ਸਪਾਈਸਜੈੱਟ ਜਹਾਜ਼ ਹਾਦਸੇ ਦੀ ਜਾਂਚ ਤਕ ਏਅਰ ਟਰੈਫ਼ਿਕ ਕੰਟਰੋਲਰ ਅਤੇ ਸਪਾਈਸਜੈੱਟ ਪਾਇਲਟਾਂ ਨੂੰ ਡਿਊਟੀ ਤੋਂ ਹਟਾ ਦਿਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਹਵਾਈ ਅੱਡੇ ਦੇ ਟਰਮੀਨਲ 1 ’ਤੇ ਦੁਪਹਿਰ 2:15 ਵਜੇ ਦੇ ਕਰੀਬ ਵਾਪਰੀ ਜਦੋਂ ਆਕਾਸ਼ ਏਅਰ ਜਹਾਜ਼ ਟੇਕਆਫ਼ ਲਈ ਰਵਾਨਾ ਹੋਣ ਵਾਲਾ ਸੀ ਅਤੇ ਸਪਾਈਸਜੈੱਟ ਜਹਾਜ਼ ਪਾਰਕਿੰਗ ਸਟੈਂਡ ਵਲ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਆਕਾਸ਼ ਏਅਰ ਜਹਾਜ਼ ਦਿੱਲੀ ਤੋਂ ਹੈਦਰਾਬਾਦ ਲਈ ਉਡਾਣ ਭਰਨ ਵਾਲਾ ਸੀ, ਜਦੋਂ ਕਿ ਸਪਾਈਸਜੈੱਟ ਜਹਾਜ਼ ਲੇਹ ਤੋਂ ਪਹੁੰਚਿਆ ਸੀ।
ਏਅਰਲਾਈਨ ਨੇ ਦਸਿਆ ਕਿ, ‘‘ਆਕਾਸ਼ ਏਅਰ ਜਹਾਜ਼ ਕਿਊਪੀ-1406, ਜੋ ਦਿੱਲੀ ਤੋਂ ਹੈਦਰਾਬਾਦ ਲਈ ਉਡਾਣ ਭਰਨ ਵਾਲਾ ਸੀ, ਨੂੰ ਸਟੈਂਡ ’ਤੇ ਵਾਪਸ ਜਾਣਾ ਪਿਆ। ਆਕਾਸ਼ ਏਅਰ ਜਹਾਜ਼ ਖੜਾ ਸੀ ਜਦੋਂ ਦੂਜੇ ਜਹਾਜ਼ ਦਾ ਇਕ ਹਿੱਸਾ ਉਸ ਨਾਲ ਟਕਰਾ ਗਿਆ।’’ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਬੋਇੰਗ 737 ਮੈਕਸ 8 ਸੀ। ਏਅਰਲਾਈਨ ਨੇ ਕਿਹਾ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਉਤਰ ਗਏ।
ਏਅਰਲਾਈਨ ਨੇ ਕਿਹਾ,‘‘ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’’ ਸਪਾਈਸਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਉਸਦਾ ਬੋਇੰਗ 737-700 ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸਦੇ ਨਤੀਜੇ ਵਜੋਂ ਇਸਦੇ ਸੱਜੇ ਵਿੰਗ ਅਤੇ ਇਕ ਹੋਰ ਏਅਰਲਾਈਨ ਦੇ ਜਹਾਜ਼ ਦੇ ਖੱਬੇ ਵਿੰਗ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਅਨੁਸਾਰ, ਦੋਵਾਂ ਜਹਾਜ਼ਾਂ ਦੇ ਵਿੰਗ ਟੈਕਸੀਵੇਅ ’ਤੇ ਟਕਰਾ ਗਏ। (ਪੀ.ਟੀ.ਆਈ.)
