ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 19246 ਵੋਟਾਂ ਨਾਲ ਹਰਾਇਆ
ਪਟਨਾ : ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਤਿੰਨ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ । ਬਿਹਾਰ ਦੀ ਬਾਂਕੀਪੁਰ ਵਿਧਾਨ ਸੀਟ ਤੋਂ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 19,246 ਵੋਟਾਂ ਨਾਲ ਜਿੱਤ ਗਏ ਹਨ । ਪ੍ਰਸ਼ਾਂਤ ਨੂੰ 63,946 ਵੋਟਾਂ ਮਿਲੀਆਂ ਜਦਕਿ ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 44,700 ਵੋਟਾਂ ਮਿਲੀਆਂ । ਬਾਂਕੀਪੁਰ ਸੀਟ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਹੈ। ਉਹ ਇੱਥੋਂ ਲਗਾਤਾਰ 5 ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਦੇ ਰਾਜ ਸਭਾ ਜਾਣ ਤੋਂ ਬਾਅਦ ਇਸ ਸੀਟ 'ਤੇ ਜ਼ਿਮਨੀ ਚੋਣ ਕਰਵਾਈ ਗਈ ।
ਉਧਰ ਮੱਧ ਪ੍ਰਦੇਸ਼ ਦੇ ਦਤੀਆ ਵਿੱਚ ਕਾਂਗਰਸ ਉਮੀਦਵਾਰ ਘਨਸ਼ਿਆਮ ਸਿੰਘ ਨੇ 6,016 ਵੋਟਾਂ ਨਾਲ ਜਿੱਤ ਦਰਜ ਕੀਤੀ । ਭਾਜਪਾ ਨੇ ਇੱਥੇ ਸਾਬਕਾ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਟਿਕਟ ਕੱਟ ਕੇ ਆਸ਼ੂਤੋਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਸੀ। ਆਸ਼ੂਤੋਸ਼, ਨਰੋਤਮ ਮਿਸ਼ਰਾ ਦੇ ਪੋਲਿੰਗ ਬੂਥ 'ਤੇ ਵੀ ਨਹੀਂ ਜਿੱਤ ਸਕੇ । ਉੱਥੇ ਹੀ ਗੁਜਰਾਤ ਦੇ ਮੰਜਲਪੁਰ ਵਿੱਚ ਭਾਜਪਾ ਦੇ ਸਤੇਂਦਰ ਭਾਈ (ਸਤੀਸ਼) ਪਟੇਲ ਨੇ 30,630 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ । ਉਨ੍ਹਾਂ ਨੇ ਕਾਂਗਰਸ ਦੇ ਭਿਖਾਭਾਈ ਰਬਾਰੀ ਨੂੰ ਹਰਾਇਆ। ਜ਼ਿਕਰਯੋਗ ਹੈ ਕਿ ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਲੰਘੀ 30 ਜੁਲਾਈ ਨੂੰ ਵੋਟਾਂ ਪਾਈਆਂ ਗਈਆਂ ਸਨ,ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਗਏ।
