ਸ਼ਾਰਟ ਸਰਕਟ ਮੰਨਿਆ ਜਾ ਰਿਹਾ ਅੱਗ ਲੱਗਣ ਦਾ ਕਾਰਨ
Bihar Hospital Fire News: ਦਿੱਲੀ ਦੇ ਮਾਲਵੀਆ ਨਗਰ ਦੇ ਇਕ ਹੋਟਲ ਵਿਚ ਅੱਗ ਲੱਗਣ ਤੋਂ ਬਾਅਦ, ਅੱਜ ਸਵੇਰੇ ਬਿਹਾਰ ਦੇ ਮੁਜ਼ੱਫਰਪੁਰ ਦੇ ਇੱਕ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ। ਹੁਣ ਤੱਕ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਹੈ। ਬਚਾਏ ਗਏ ਕਈ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੁਜ਼ੱਫਰਪੁਰ ਦੇ ਬ੍ਰਹਮਪੁਰਾ ਸਥਿਤ ਪ੍ਰਸਾਦ ਹਸਪਤਾਲ ਵਿੱਚ ਸਵੇਰੇ ਤੜਕੇ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਹਸਪਤਾਲ ਕੈਂਪਸ ਵਿੱਚ ਦਹਿਸ਼ਤ ਫੈਲ ਗਈ। ਅੱਗ ਪੰਜਵੀਂ ਮੰਜ਼ਿਲ 'ਤੇ ਸਥਿਤ ਆਈਸੀਯੂ ਵਾਰਡ ਵਿੱਚ ਲੱਗੀ। ਵੇਖਦੇ ਹੀ ਵੇਖਦੇ ਪੂਰੇ ਹਸਪਤਾਲ ਵਿਚ ਜ਼ਹਿਰੀਲਾ ਧੂੰਆਂ ਫੈਲ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਦਸੇ ਵਿੱਚ 20 ਤੋਂ ਵੱਧ ਮਰੀਜ਼ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਚਾਏ ਗਏ ਮਰੀਜ਼ਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ, ਫਾਇਰ ਬ੍ਰਿਗੇਡ ਦੀਆਂ ਲਗਭਗ ਇੱਕ ਦਰਜਨ ਗੱਡੀਆਂ ਤੁਰੰਤ ਘਟਨਾ ਸਥਾਨ 'ਤੇ ਪਹੁੰਚੀਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਫਾਇਰ ਬ੍ਰਿਗੇਡ ਟੀਮ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹਸਪਤਾਲ ਦੇ ਆਈਸੀਯੂ ਅਤੇ ਹੋਰ ਵਾਰਡਾਂ ਵਿੱਚ ਫਸੇ ਮਰੀਜ਼ਾਂ ਨੂੰ ਬਚਾਉਣ ਲਈ ਖਿੜਕੀਆਂ ਅਤੇ ਦਰਵਾਜ਼ੇ ਤੋੜ ਦਿੱਤੇ।
