ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੁਣਾਇਆ ਫ਼ੈਸਲਾ, 5 ਜੂਨ ਨੂੰ ਸਜ਼ਾ ਸਬੰਧੀ ਅਦਾਲਤ ’ਚ ਹੋਵੇਗੀ ਬਹਿਸ
ਨਵੀਂ ਦਿੱਲੀ : ਕਾਂਗਰਸ ਆਗੂ ਅਲਕਾ ਲਾਂਬਾ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਨੂੰ ਜੰਤਰ-ਮੰਤਰ 'ਤੇ ਮਹਿਲਾ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਨਾਲ ਜੁੜੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ । ਹੁਣ ਆਉਂਦੀ 5 ਜੂਨ ਨੂੰ ਅਲਕਾ ਲਾਂਬਾ ਦੀ ਸਜ਼ਾ 'ਤੇ ਅਦਾਲਤ ਵਿਚ ਬਹਿਸ ਹੋਵੇਗੀ। ਉੱਥੇ ਹੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਮੈਨੂੰ ਇਹੀ ਉਮੀਦ ਸੀ। ਹਾਲਾਂਕਿ ਮੈਂ ਡਰਨ ਵਾਲਿਆਂ ਵਿੱਚੋਂ ਨਹੀਂ ਹਾਂ।
ਜ਼ਿਕਰਯੋਗ ਹੈ ਕਿ ਇਹ ਜੁਲਾਈ 2024 ਦਾ ਮਾਮਲਾ ਹੈ, ਜਦੋਂ ਮਾਨਸੂਨ ਸੈਸ਼ਨ ਚੱਲ ਰਿਹਾ ਸੀ ਅਤੇ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਦੇ ਤੌਰ 'ਤੇ ਮੈਂ ਅਤੇ ਮੇਰੀਆਂ ਸਾਰੀਆਂ ਭੈਣਾਂ ਆਪਣੇ ਸੰਵਿਧਾਨਕ ਅਤੇ ਲੋਕਤੰਤਰਿਕ ਅਧਿਕਾਰਾਂ ਤਹਿਤ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀਆਂ ਸੀ। ਅਸੀਂ ਔਰਤਾਂ ਲਈ ਰਾਖਵਾਂਕਰਨ ਅਤੇ ਸੁਰੱਖਿਆ ਲਾਗੂ ਕਰਨ ਦੀ ਮੰਗ ਕਰ ਰਹੇ ਸੀ।
ਅਲਕਾ ਲਾਂਬਾ ਨੇ ਅੱਗੇ ਕਿਹਾ ਕਿ ਪ੍ਰਦਰਸ਼ਨ ਦੇ ਦੌਰਾਨ ਹੀ ਮਾਮਲੇ ਵਿੱਚ ਦਬਾਅ ਹੇਠ ਆ ਕੇ ਪੁਲਿਸ ਨੇ ਮੇਰੇ ਖ਼ਿਲਾਫ਼ ਐਫ.ਆਈ.ਆਰ. ਅਤੇ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ । ਅੱਜ ਮੈਨੂੰ ਪਤਾ ਲੱਗਾ ਕਿ ਅਦਾਲਤ ਨੇ ਮੈਨੂੰ ਦੋਸ਼ੀ ਠਹਿਰਾਇਆ ਗਿਆ ਹੈ, ਇਹ ਇੱਕ ਬਹੁਤ ਵੱਡਾ ਅਪਰਾਧ ਹੈ । ਮੈਂ ਡਰਨ ਵਾਲਿਆਂ ਵਿੱਚੋਂ ਨਹੀਂ ਹਾਂ । ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਸਕਦੇ ਹੋ । ਇਹ ਔਰਤਾਂ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ । ਇਸ ਕਾਰਨ ਪੂਰੇ ਦੇਸ਼ ਵਿੱਚ ਅਫ਼ਰਾ-ਤਫ਼ਰੀ ਮਚੀ ਹੋਈ ਹੈ ਅਤੇ ਲੋਕ ਮਦਦ ਲਈ ਗੁਹਾਰ ਲਗਾ ਰਹੇ ਹਨ, ਅਤੇ ਜੇਕਰ ਅਸੀਂ ਇਸ ਦੇ ਲਈ ਲੜਦੇ ਹਾਂ ਤਾਂ ਸਾਨੂੰ ਹੀ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ।
