ਕੋਈ ਵੀ ਵਪਾਰੀ ਇਕ ਸਮੇਂ 1,000 ਕੁਇੰਟਲ ਤੋਂ ਵੱਧ ਖੰਡ ਨਹੀਂ ਰੱਖ ਸਕੇਗਾ।
- ਨਵੇਂ ਨਿਯਮ 15 ਅਕਤੂਬਰ ਤੋਂ ਲਾਗੂ ਹੋਣਗੇ ਅਤੇ 30 ਨਵੰਬਰ ਤਕ ਲਾਗੂ ਰਹਿਣਗੇ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਖੰਡ ਦੀ ਜਮ੍ਹਾਂਖੋਰੀ ਰੋਕਣ ਅਤੇ ਬਾਜ਼ਾਰ ਵਿਚ ਇਸ ਦੀ ਸਪਲਾਈ ਸੁਚਾਰੂ ਰੱਖਣ ਲਈ ਵਪਾਰੀਆਂ ਵਲੋਂ ਖੰਡ ਰੱਖਣ ਦੀ ਹੱਦ ਤੈਅ ਕਰ ਦਿਤੀ ਹੈ। ਨਵੇਂ ਨਿਯਮ 15 ਅਕਤੂਬਰ ਤੋਂ ਲਾਗੂ ਹੋਣਗੇ ਅਤੇ 30 ਨਵੰਬਰ ਤਕ ਲਾਗੂ ਰਹਿਣਗੇ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਖੰਡ ਦਾ ਕੋਈ ਵੀ ਵਪਾਰੀ ਇਕ ਸਮੇਂ 1,000 ਕੁਇੰਟਲ ਤੋਂ ਵੱਧ ਖੰਡ ਨਹੀਂ ਰੱਖ ਸਕੇਗਾ।
ਇਸ ਤੋਂ ਇਲਾਵਾ ਵਪਾਰੀ ਨੂੰ ਖੰਡ ਮਿਲਣ ਦੀ ਤਾਰੀਖ ਤੋਂ 15 ਦਿਨਾਂ ਤੋਂ ਵੱਧ ਸਮੇਂ ਤਕ ਇਸ ਨੂੰ ਅਪਣੇ ਕੋਲ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਕੋਲਕਾਤਾ, ਇਸ ਨਾਲ ਲੱਗਦੇ ਮਹਾਨਗਰੀ ਇਲਾਕਿਆਂ ਅਤੇ ਅਸਾਮ ਲਈ ਇਹ ਹੱਦ 2,000 ਕੁਇੰਟਲ ਰੱਖੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਸ ਖੇਤਰ ਦੀਆਂ ਖਾਸ ਲੋੜਾਂ, ਆਵਾਜਾਈ ਦੀਆਂ ਮੁਸ਼ਕਲਾਂ ਅਤੇ ਉੱਤਰ-ਪੂਰਬੀ ਇਲਾਕਿਆਂ ਵਿੱਚ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਧ ਹੱਦ ਤੈਅ ਕੀਤੀ ਗਈ ਹੈ।
ਕੋਲਕਾਤਾ ਨੂੰ ਖੰਡ ਦੀ ਸਪਲਾਈ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਮਿਲਦੀ ਹੈ। ਇੱਥੋਂ ਪੂਰਬੀ ਭਾਰਤ ਦੇ ਨਾਲ-ਨਾਲ ਉੱਤਰ-ਪੂਰਬੀ ਸੂਬਿਆਂ ਨੂੰ ਵੀ ਖੰਡ ਭੇਜੀ ਜਾਂਦੀ ਹੈ। ਮੰਤਰਾਲੇ ਮੁਤਾਬਕ ਨਵੇਂ ਨਿਯਮਾਂ ਦਾ ਮਕਸਦ ਵੰਡ ਪ੍ਰਣਾਲੀ ਵਿਚ ਖੰਡ ਨੂੰ ਬੇਲੋੜੇ ਤੌਰ ’ਤੇ ਇਕੱਠਾ ਹੋਣ ਤੋਂ ਰੋਕਣਾ ਹੈ, ਤਾਂ ਜੋ ਖੰਡ ਮਿੱਲਾਂ ਤੋਂ ਵਪਾਰੀਆਂ ਅਤੇ ਫਿਰ ਖਪਤਕਾਰਾਂ ਤਕ ਇਸ ਦੀ ਸਪਲਾਈ ਲਗਾਤਾਰ ਹੁੰਦੀ ਰਹੇ। ਸਰਕਾਰ ਨੇ ਦੱਸਿਆ ਕਿ ਖੰਡ ਦੀ ਔਸਤ ਖੁਦਰਾ ਕੀਮਤ ਅਗਸਤ ਦੇ ਸਭ ਤੋਂ ਉੱਚੇ ਪੱਧਰ ਤੋਂ ਲਗਭਗ 15 ਫੀਸਦੀ ਘਟੀ ਹੈ। ਆਉਣ ਵਾਲੇ ਸਮੇਂ ਵਿੱਚ ਕੀਮਤਾਂ ਹੋਰ ਘਟਣ ਦੀ ਉਮੀਦ ਹੈ, ਕਿਉਂਕਿ ਮਿੱਲਾਂ ਤੋਂ ਨਿਕਲਣ ਵਾਲੀ ਖੰਡ ਦੀ ਕੀਮਤ ਵਿਚ ਵੀ ਕਮੀ ਆਈ ਹੈ। (ਏਜੰਸੀ)
