ਗੱਲਬਾਤ ਵਿਚ ਕੋਈ ਵੀ ਨਕਾਰਾਤਮਕ ਮੋੜ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਲਿਆ ਸਕਦਾ ਹੈ
ਨਵੀਂ ਦਿੱਲੀ : ਬੁਧਵਾਰ ਨੂੰ ਭਾਰਤੀ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲੀ। ਦਿੱਲੀ ਵਿਚ ਸੋਨਾ 2,900 ਰੁਪਏ ਮਹਿੰਗਾ ਹੋ ਕੇ 1.55 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 3,500 ਰੁਪਏ ਦੇ ਵਾਧੇ ਨਾਲ 2.54 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਸ ਉਛਾਲ ਦਾ ਮੁੱਖ ਕਾਰਨ ਅਮਰੀਕਾ ਅਤੇ ਇਰਾਨ ਵਿਚਾਲੇ ਟਕਰਾਅ ਖਤਮ ਹੋਣ ਦੀਆਂ ਰੀਪੋਰਟਾਂ ਹਨ। ਬਾਜ਼ਾਰ ਮਾਹਿਰਾਂ ਮੁਤਾਬਕ ਭੂ-ਸਿਆਸੀ ਤਣਾਅ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ, ਜਿਸ ਨੇ ਕੀਮਤੀ ਧਾਤਾਂ ਦੀ ਮੰਗ ਵਧਾ ਦਿਤੀ ਹੈ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਬੁਧਵਾਰ ਨੂੰ ਸੋਨੇ ਵਿਚ ਜ਼ਬਰਦਸਤ ਉਛਾਲ ਵੇਖਣ ਨੂੰ ਮਿਲਿਆ ਕਿਉਂਕਿ ਭੂ-ਸਿਆਸੀ ਤਣਾਅ ਘਟਣ ਨਾਲ ਉਨ੍ਹਾਂ ਪ੍ਰਮੁੱਖ ਕਾਰਕਾਂ ਵਿਚ ਬਦਲਾਅ ਆਇਆ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਕੀਮਤੀ ਧਾਤਾਂ ’ਤੇ ਦਬਾਅ ਬਣਾਇਆ ਹੋਇਆ ਸੀ।’’
ਐਲ.ਕੇ.ਪੀ. ਸਕਿਓਰਿਟੀਜ਼ ਦੇ ਜਤਿਨ ਤਿ੍ਰਵੇਦੀ ਨੇ ਦਸਿਆ ਕਿ ਬਾਜ਼ਾਰ ਇਸ ਸਮੇਂ ਅਮਰੀਕਾ-ਇਰਾਨ ਦੇ ‘ਇਕ ਪੰਨੇ ਦੇ ਸਮਝੌਤੇ’ ਦੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦੇ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿਤੀ ਕਿ ‘‘ਗੱਲਬਾਤ ਵਿਚ ਕੋਈ ਵੀ ਨਕਾਰਾਤਮਕ ਮੋੜ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਲਿਆ ਸਕਦਾ ਹੈ।’’
