ਆਮ ਭਾਸ਼ਾ 'ਚ ਸਮਝੀਏ ਤਾਂ, ‘‘ਜੇਕਰ ਮਈ 2025 ਵਿਚ ਕੋਈ ਸਾਮਾਨ 100 ਰੁਪਏ ਦਾ ਸੀ, ਤਾਂ ਉਹੀ ਸਾਮਾਨ ਮਈ 2026 ਵਿਚ 103.93 ਰੁਪਏ ਦਾ ਹੋ ਗਿਆ ਹੈ।''
ਨਵੀਂ ਦਿੱਲੀ : ਦੇਸ਼ ਵਿਚ ਪ੍ਰਚੂਨ ਮਹਿੰਗਾਈ ਦਰ ਨੇ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ। ਮਈ ਮਹੀਨੇ ਵਿਚ ਇਹ ਵੱਧ ਕੇ 3.93% ਉਤੇ ਪਹੁੰਚ ਗਈ ਹੈ, ਜੋ ਕਿ ਅਪ੍ਰੈਲ ਵਿਚ 3.48% ਸੀ। ਆਮ ਭਾਸ਼ਾ ’ਚ ਸਮਝੀਏ ਤਾਂ, ‘‘ਜੇਕਰ ਮਈ 2025 ਵਿਚ ਕੋਈ ਸਾਮਾਨ 100 ਰੁਪਏ ਦਾ ਸੀ, ਤਾਂ ਉਹੀ ਸਾਮਾਨ ਮਈ 2026 ਵਿਚ 103.93 ਰੁਪਏ ਦਾ ਹੋ ਗਿਆ ਹੈ।’’
ਐਨ.ਐਸ.ਓ. ਦੇ ਅੰਕੜਿਆਂ ਅਨੁਸਾਰ, ਮਈ ਮਹੀਨੇ ਵਿਚ ਕੀਮਤੀ ਧਾਤਾਂ ਦੇ ਗਹਿਣੇ, ਟਮਾਟਰ, ਅਦਰਕ, ਕਿਸ਼ਮਿਸ਼ ਅਤੇ ਮੁਨੱਕਾ ਉਹ ਪੰਜ ਚੀਜ਼ਾਂ ਸਨ ਜਿਨ੍ਹਾਂ ਵਿਚ ਮਹਿੰਗਾਈ ਦਰ ਸੱਭ ਤੋਂ ਉੱਚੀ ਰਹੀ। ਦੂਜੇ ਪਾਸੇ, ਮਈ 2026 ਵਿਚ ਆਲੂ, ਮਟਰ, ਮੋਟਰ ਕਾਰ ਅਤੇ ਜੀਪ, ਜੀਰਾ ਅਤੇ ‘ਮੋਟਰਸਾਈਕਲ ਤੇ ਸਕੂਟਰ’ ਘੱਟ ਮਹਿੰਗਾਈ ਦਰ ਵਾਲੀਆਂ ਚੋਟੀ ਦੀਆਂ 5 ਪ੍ਰਮੁੱਖ ਚੀਜ਼ਾਂ ਸਨ। ਪਿਛਲੇ ਪੰਜ ਮਹੀਨਿਆਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਮਹਿੰਗਾਈ ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਦੇ 4% ਦੇ ਮੀਡੀਅਮ-ਟਰਮ ਟਾਰਗੇਟ ਦੇ ਬੇਹੱਦ ਕਰੀਬ ਪਹੁੰਚ ਗਈ ਹੈ।
ਇਸ ਉਛਾਲ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਅਤੇ ਆਵਾਜਾਈ ਦਾ ਮਹਿੰਗਾ ਹੋਣਾ ਹੈ। ਰੀਪੋਰਟ ਮੁਤਾਬਕ, ‘‘ਮਈ ਵਿਚ ਖਪਤਕਾਰ ਭੋਜਨ ਮਹਿੰਗਾਈ ਵੱਧ ਕੇ 4.78% ’ਤੇ ਪਹੁੰਚ ਗਈ, ਜੋ ਅਪ੍ਰੈਲ ਵਿਚ 4.2% ਸੀ।’’ ਖਾਸ ਗੱਲ ਇਹ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਭਾਰਤ ਵਿਚ ਭੋਜਨ ਪਦਾਰਥਾਂ ਦੀ ਮਹਿੰਗਾਈ ਦਰ ਜ਼ਿਆਦਾ ਰਹੀ ਹੈ। ਪੇਂਡੂ ਇਲਾਕਿਆਂ ਵਿਚ ਭੋਜਨ ਮਹਿੰਗਾਈ ਦਰ 4.85% ਦਰਜ ਕੀਤੀ ਗਈ।
ਇਸ ਤੋਂ ਇਲਾਵਾ, ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਤੇਜ਼ੀ ਕਾਰਨ ਗਹਿਣੇ ਅਤੇ ਕੀਮਤੀ ਧਾਤਾਂ ਵਾਲੀ ਸ਼੍ਰੇਣੀ ਵਿਚ ਰੀਕਾਰਡ 56.35% ਦਾ ਉਛਾਲ ਵੇਖਿਆ ਗਿਆ ਹੈ, ਜੋ ਸੱਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਿੱਸਾ ਬਣ ਗਿਆ ਹੈ। ਮਹਿੰਗਾਈ ਦੇ ਇਨ੍ਹਾਂ ਅੰਕੜਿਆਂ ਨੇ ਆਰ.ਬੀ.ਆਈ. ਦੀ ਚਿੰਤਾ ਵਧਾ ਦਿਤੀ ਹੈ। ਮਾਹਰਾਂ ਮੁਤਾਬਕ, ‘‘ਜੇਕਰ ਮਹਿੰਗਾਈ ਇਸੇ ਤਰ੍ਹਾਂ ਉੱਚੇ ਪੱਧਰ ਉਤੇ ਬਣੀ ਰਹੀ, ਤਾਂ ਆਰ.ਬੀ.ਆਈ. ਰੇਪੋ ਰੇਟ ਵਿਚ 0.50% ਤਕ ਦਾ ਵਾਧਾ ਕਰ ਸਕਦਾ ਹੈ।’’ ਕਮਜ਼ੋਰ ਮਾਨਸੂਨ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਦਰ 5% ਦੇ ਪਾਰ ਵੀ ਜਾ ਸਕਦੀ ਹੈ।
