ਅੰਬਾਲਾ ਸ਼ਹਿਰ ਦੇ 20 ਸਾਲਾ ਕਰਨ ਨੂੰ ਸੜਕ ਹਾਦਸੇ ਤੋਂ ਬਾਅਦ ਐਲਾਨਿਆ ਗਿਆ ਸੀ ਬਰੇਨ ਡੈਡ
ਚੰਡੀਗੜ੍ਹ (ਨਵਿੰਦਰ ਸਿੰਘ ਬੜਿੰਗ) ਅੰਬਾਲਾ ਸ਼ਹਿਰ ਦਾ ਰਹਿਣ ਵਾਲੇ 20 ਸਾਲਾ ਕਰਨ ਨੂੰ ਇਕ ਸੜਕ ਹਾਦਸੇ ਤੋਂ ਬਾਅਦ ਬਰੇਨ ਡੈਡ ਐਲਾਨ ਦਿੱਤਾ ਸੀ। ਕਰਨ ਦੇ ਪਰਿਵਾਰ ਨੇ ਵੱਡਾ ਹੌਸਲਾ ਦਿਖਾਉਂਦੇ ਹੋਏ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ।
ਕਰਨ ਦੇ ਜਿਗਰ, ਪੈਨਕ੍ਰੀਅਸ ਅਤੇ ਦੋਵੇਂ ਗੁਰਦਿਆਂ ਦਾ ਚੰਡੀਗੜ੍ਹ ਪੀਜੀਆਈ ’ਚ ਸਫਲਤਾਪੂਰਵਕ ਅੰਗਦਾਨ ਕੀਤਾ ਗਿਆ। ਅੰਤਮ ਪੜਾਅ ਦੇ ਜਿਗਰ ਦੀ ਬਿਮਾਰੀ ਤੋਂ ਪੀੜਤ 22 ਸਾਲਾ ਵਿਅਕਤੀ ’ਚ ਜਿਗਰ ਟ੍ਰਾਂਸਪਲਾਂਟ ਕੀਤਾ ਗਿਆ। ਪਕਰੀਆਜਾ ਆਰ ਗੁਰਦਾ ਇਕ 35 ਸਾਲਾ ਔਰਤ ’ਚ ਟ੍ਰਾਂਸਪਲਾਂਟ ਕੀਤਾ ਗਿਆ। ਜੋ ਕਿ ਗੰਭੀਰ ਅੰਗ ਫੇਲ੍ਹ ਹੋਣ ਤੋਂ ਪੀੜਤ ਸੀ। ਰੋਟੋ ਨੌਰਥ ਦੇ ਨੋਡਲ ਅਫਸਰ ਡਾ. ਵਿਜੇ ਤਾਡੀਆ ਨੇ ਕਿਹਾ ਕਿ ਕਰਨ ਦੇ ਪਰਵਾਰ ਦੁਆਰਾ ਡੂੰਘੇ ਦੁੱਖ ਦੇ ਬਾਵਜੂਦ ਦਿਖਾਈ ਗਈ ਹਿੰਮਤ ਸਮਾਜ ਲਈ ਪ੍ਰੇਰਨਾ ਹੈ। ਪੀਜੀਆਈ ਤੋਂ ਰਵਾਨਾ ਹੁੰਦੇ ਹੀ ਸਾਰਿਆਂ ਨੇ ਕਰਨ ਨੂੰ ਸਲਾਮ ਕੀਤਾ।
ਅੰਬਾਲਾ ਸ਼ਹਿਰ ਦੇ ਰਾਮਦਾਸ ਨਗਰ ਦਾ ਰਹਿਣ ਵਾਲਾ ਕਰਨ ਅਪਣੇ ਭਵਿੱਖ ਦੇ ਸੁਪਨੇ ਦੇਖ ਰਿਹਾ ਸੀ। 12ਵੀਂ ਜਮਾਤ ਦਾ ਵਿਦਿਆਰਥੀ ਹੋਣ ਕਰ ਕੇ ਉਹ ਸਿੱਖਿਆ ਪ੍ਰਾਪਤ ਕਰ ਕੇ ਅਪਣੇ ਪਰਵਾਰ ਦਾ ਗੁਜ਼ਾਰਾ ਕਰਨਾ ਚਾਹੁੰਦਾ ਸੀ। ਪਰ ਇਕ ਸੜਕ ਹਾਦਸੇ ਨੇ ਉਸਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ। 28 ਅਪ੍ਰੈਲ ਨੂੰ, ਕਰਨ ਸੜਕ ਪਾਰ ਕਰ ਰਿਹਾ ਸੀ ਜਦੋਂ ਉਸ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਉਸ ਨੂੰ ਪਹਿਲਾਂ ਸਿਵਲ ਹਸਪਤਾਲ, ਅੰਬਾਲਾ, ਫਿਰ ਸੈਕਟਰ 32 ਦੇ ਜੀਐਮਸੀਐਚ, ਅਤੇ ਬਾਅਦ ’ਚ, ਗੰਭੀਰ ਹਾਲਤ ’ਚ ਪੀਜੀਆਈ ਲਿਜਾਇਆ ਗਿਆ।
ਡਾਕਟਰਾਂ ਨੇ ਕਈ ਦਿਨਾਂ ਤੱਕ ਅਣਥੱਕ ਕੋਸ਼ਿਸ਼ ਕੀਤੀ, ਪਰ 7 ਮਈ ਨੂੰ, ਉਸ ਨੂੰ ਦਿਮਾਗੀ ਤੌਰ ’ਤੇ ਮਿ੍ਰਤਕ ਐਲਾਨ ਦਿੱਤਾ ਗਿਆ। ਇਸ ਮੁਸ਼ਕਲ ਸਮੇਂ ’ਚ ਕਰਨ ਦੇ ਪਿਤਾ ਮੋਹਨ ਲਾਲ ਅਤੇ ਵੱਡੇ ਭਰਾ ਸੁਨੀਲ ਕੁਮਾਰ ਨੇ ਉਸਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ। ਸੁਨੀਲ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ, ‘ਕਰਨ ਸਾਡੇ ਪਰਿਵਾਰ ਦੀ ਉਮੀਦ ਸੀ। ਉਸ ਨੂੰ ਗੁਆਉਣ ਦਾ ਦਰਦ ਕਦੇ ਘੱਟ ਨਹੀਂ ਹੋਵੇਗਾ, ਪਰ ਇਹ ਜਾਣ ਕੇ ਦਿਲਾਸਾ ਮਿਲਦਾ ਹੈ ਕਿ ਉਸ ਦਾ ਇਕ ਹਿੱਸਾ ਦੂਜਿਆਂ ਦੀ ਜ਼ਿੰਦਗੀ ’ਚ ਜਿਉਂਦਾ ਰਹੇਗਾ।’ ਕਰਨ ਦੇ ਪਿਤਾ, ਮੋਹਨ ਲਾਲ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ, ‘ਮੇਰਾ ਪੁੱਤਰ ਕਦੇ ਵਾਪਸ ਨਹੀਂ ਆਵੇਗਾ, ਪਰ ਜੇਕਰ ਉਸ ਨੇ ਇਕ ਮਾਂ ਦੀ ਜਾਨ ਤਬਾਹ ਹੋਣ ਤੋਂ ਬਚਾਈ ਹੈ, ਤਾਂ ਇਹ ਸਾਡੇ ਲਈ ਸੱਭ ਤੋਂ ਵੱਡੀ ਸੰਤੁਸ਼ਟੀ ਹੈ।’
