ਬੋਸਟਨ 'ਚ ਹੋਈ ਇੰਟਰਨੈਸ਼ਨਲ ਪੀਡੀਆਟਿ੍ਰਕ ਰੇਡੀਉਲੋਜੀ ਕਾਨਫ਼ਰੰਸ
ਚੰਡੀਗੜ੍ਹ: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਚੰਡੀਗੜ੍ਹ ਦੇ ਰੇਡੀਓਡਾਇਗਨੋਸਿਸ ਅਤੇ ਇਮੇਜਿੰਗ ਵਿਭਾਗ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਅਪਣੀ ਵਿਲੱਖਣ ਪਛਾਣ ਬਣਾਉਂਦਿਆਂ ਸੰਸਥਾ ਦਾ ਮਾਣ ਵਧਾਇਆ ਹੈ। ਅਮਰੀਕਾ ਦੇ ਬੋਸਟਨ ਸ਼ਹਿਰ ’ਚ 1 ਤੋਂ 5 ਜੂਨ 2026 ਤੱਕ ਹੋਈ ਇੰਟਰਨੈਸ਼ਨਲ ਪੀਡੀਆਟਿ੍ਰਕ ਰੇਡੀਓਲੋਜੀ (ਆਈਪੀਆਰ-2026) ਕਾਨਫਰੰਸ ਦੌਰਾਨ ਪੀਜੀਆਈ ਦੇ ਮਾਹਰਾਂ ਨੂੰ ਮਿਲੀ ਮਾਨਤਾ ਅਤੇ ਸਨਮਾਨ ਨੇ ਸੰਸਥਾ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਸਥਿਤੀ ਪ੍ਰਦਾਨ ਕੀਤੀ ਹੈ। ਇਸ ਵਿਸ਼ਵ ਪ੍ਰਸਿੱਧ ਕਾਨਫ਼ਰੰਸ ਦੀ ਸੱਭ ਤੋਂ ਵੱਡੀ ਉਪਲਬਧੀ ਪੀਜੀਆਈ ਦੇ ਸੀਨੀਅਰ ਰੇਡੀਉਲੋਜਿਸਟ ਪ੍ਰੋ. ਅਕਸ਼ੈ ਸਕਸੈਨਾ ਨੂੰ ਸੁਸਾਇਟੀ ਫ਼ਾਰ ਪੀਡੀਆਟਿ੍ਰਕ ਰੇਡੀਓਲੋਜੀ (ਐੱਸਪੀਆਰ) ਵੱਲੋਂ ਦਿੱਤਾ ਗਿਆ ਆਨਰੇਰੀ ਮੈਂਬਰਸ਼ਿਪ ਐਵਾਰਡ ਰਿਹਾ। ਇਹ ਸਨਮਾਨ ਦੁਨੀਆ ਭਰ ’ਚ ਬਾਲ ਰੇਡੀਉਲੋਜੀ ਦੇ ਖੇਤਰ ’ਚ ਅਸਾਧਾਰਣ ਅਤੇ ਲੰਬੇ ਸਮੇਂ ਤਕ ਯੋਗਦਾਨ ਪਾਉਣ ਵਾਲੇ ਚੁਣਿੰਦੇ ਮਾਹਰਾਂ ਨੂੰ ਹੀ ਦਿੱਤਾ ਜਾਂਦਾ ਹੈ। ਐੱਸਪੀਆਰ ਵੱਲੋਂ ਦਿਤਾ ਗਿਆ ਇਹ ਮਾਣਮੱਤਾ ਸਨਮਾਨ ਪ੍ਰੋ. ਸਕਸੈਨਾ ਦੀਆਂ ਅਕਾਦਮਿਕ ਪ੍ਰਾਪਤੀਆਂ, ਖੋਜ ਕਾਰਜਾਂ, ਅਧਿਆਪਨ ਅਤੇ ਲੀਡਰਸ਼ਿਪ ਸਮਰੱਥਾ ਦੀ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸ਼ੰਸਾ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।
ਪੀਜੀਆਈ ਦੇ ਰੇਡੀਉਡਾਇਗਨੋਸਿਸ ਅਤੇ ਇਮੇਜਿੰਗ ਵਿਭਾਗ ਦੀ ਵਿਸ਼ੇਸ਼ ਮੌਜੂਦਗੀ ਨੂੰ ਹੋਰ ਮਜ਼ਬੂਤੀ ਉਸ ਸਮੇਂ ਮਿਲੀ ਜਦੋਂ ਪ੍ਰੋ. ਕੇ.ਐੱਸ. ਸੋਢੀ ਨੇ ਕਾਨਫ਼ਰੰਸ ’ਚ ਵਿਸ਼ੇਸ਼ ਸੱਦੇ ਹੋਏ ਫੈਕਲਟੀ ਮੈਂਬਰ ਅਤੇ ਵਕਤਾ ਵਜੋਂ ਹਿੱਸਾ ਲਿਆ। ਉਹ ਕਾਨਫ਼ਰੰਸ ਦੀ ਟਾਸਕ ਫੋਰਸ ਕਮੇਟੀ ਦੇ ਮੈਂਬਰ ਵਜੋਂ ਵੀ ਸ਼ਾਮਲ ਰਹੇ। ਉਨ੍ਹਾਂ ਨੇ ਬਾਲ ਰੇਡੀਓਲੋਜੀ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ’ਤੇ ਅਪਣੇ ਵਿਚਾਰ ਅਤੇ ਤਜਰਬੇ ਸਾਂਝੇ ਕਰਦੇ ਹੋਏ ਪੀਜੀਆਈ ਦੀ ਵਿਸ਼ੇਸ਼ਗਿਆਤਾ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕੀਤਾ। ਇਸ ਤੋਂ ਇਲਾਵਾ ਵਿਭਾਗ ਦੇ ਨੌਜਵਾਨ ਮਾਹਰਾਂ ਡਾ. ਅਨਮੋਲ ਭਾਟੀਆ ਅਤੇ ਡਾ. ਸ਼ੁਭਮ ਸੈਣੀ ਨੇ ਆਪਣੇ ਮੂਲ ਵਿਗਿਆਨਕ ਖੋਜ ਪੱਤਰ ਕਾਨਫਰੰਸ ’ਚ ਪੇਸ਼ ਕੀਤੇ। ਉਨ੍ਹਾਂ ਦੀਆਂ ਖੋਜਾਂ ਨੇ ਬਾਲ ਰੇਡੀਉਲੋਜੀ ਦੇ ਖੇਤਰ ’ਚ ਨਵੀਆਂ ਸੰਭਾਵਨਾਵਾਂ ਅਤੇ ਇਲਾਜ ਸਬੰਧੀ ਤਕਨੀਕੀ ਤਰੱਕੀ ਨੂੰ ਉਜਾਗਰ ਕੀਤਾ। ਅੰਤਰਰਾਸ਼ਟਰੀ ਮਾਹਿਰਾਂ ਵਲੋਂ ਉਨ੍ਹਾਂ ਦੇ ਖੋਜ ਕਾਰਜਾਂ ਦੀ ਸਰਾਹਨਾ ਕੀਤੀ ਗਈ ਅਤੇ ਇਸ ਨੂੰ ਬਾਲ ਰੋਗਾਂ ਦੀ ਬਿਹਤਰ ਪਛਾਣ ਅਤੇ ਇਲਾਜ ਲਈ ਲਾਹੇਵੰਦ ਕਰਾਰ ਦਿਤਾ ਗਿਆ। ਬੋਸਟਨ ’ਚ ਮਿਲੀ ਇਹ ਪ੍ਰਾਪਤੀ ਪੀਜੀਆਈ ਨੂੰ ਬਾਲ ਰੇਡੀਉਲੋਜੀ ਦੇ ਖੇਤਰ ’ਚ ਰਾਸ਼ਟਰੀ ਹੀ ਨਹੀਂ, ਸਗੋਂ ਵਿਸ਼ਵ ਪੱਧਰ ਦੇ ਕੇਂਦਰ ਵਜੋਂ ਹੋਰ ਮਜ਼ਬੂਤ ਬਣਾਉਂਦੀ ਹੈ।
