ਦੁਪਹਿਰ 3:00 ਵਜੇ ਤੱਕ ਚੰਡੀਗੜ੍ਹ-ਨਵਾਂ ਗਾਉਂ ਬੈਰੀਅਰ ਤੋਂ PEC ਲਾਈਟ ਪੁਆਇੰਟ ਅਤੇ ਸੈਕਟਰ 2/3/10-11 ਚੌਕ ਤੱਕ ਟ੍ਰੈਫਿਕ ਨੂੰ ਡਾਇਵਰਟ ਜਾਂ ਬੰਦ ਰੱਖਿਆ ਜਾਵੇਗਾ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ 2026 ਨੂੰ ਚੰਡੀਗੜ੍ਹ ਫੇਰੀ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਲਈ ਇੱਕ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵੀ.ਵੀ.ਆਈ.ਪੀ. (VVIP) ਦੀ ਆਮਦ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਟ੍ਰੈਫਿਕ ਰੂਟਾਂ ਨੂੰ ਬਦਲਿਆ (ਡਾਇਵਰਟ) ਅਤੇ ਸੀਮਤ ਕੀਤਾ ਜਾਵੇਗਾ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਪਰੇਸ਼ਾਨੀ ਤੋਂ ਬਚਣ ਲਈ ਬਦਲਵੇਂ ਰੂਟਾਂ ਦੀ ਵਰਤੋਂ ਕਰਨ।
ਇਨ੍ਹਾਂ ਰੂਟਾਂ 'ਤੇ ਰਹੇਗੀ ਪਾਬੰਦੀ:
ਦੁਪਹਿਰ 3:00 ਵਜੇ ਤੱਕ ਇਨ੍ਹਾਂ ਸੜਕਾਂ ਤੋਂ ਬਚੋ: 17 ਜੁਲਾਈ ਨੂੰ ਵੀ.ਵੀ.ਆਈ.ਪੀ. ਮੂਵਮੈਂਟ ਦੌਰਾਨ ਚੰਡੀਗੜ੍ਹ-ਨਵਾਂਗਰਾਓਂ ਬੈਰੀਅਰ ਤੋਂ ਪੀ.ਈ.ਸੀ. (PEC) ਲਾਈਟ ਪੁਆਇੰਟ ਅਤੇ ਸੈਕਟਰ 2/3/10-11 ਚੌਕ ਤੱਕ ਟ੍ਰੈਫਿਕ ਨੂੰ ਡਾਇਵਰਟ ਜਾਂ ਬੰਦ ਰੱਖਿਆ ਜਾਵੇਗਾ। ਆਮ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਦੁਪਹਿਰ 3:00 ਵਜੇ ਤੱਕ ਇਸ ਰੂਟ 'ਤੇ ਜਾਣ ਤੋਂ ਗੁਰੇਜ਼ ਕਰਨ।
ਹੋਰ ਰੂਟਾਂ 'ਤੇ ਵੀ ਲੱਗ ਸਕਦੀ ਹੈ ਪਾਬੰਦੀ: ਪ੍ਰਧਾਨ ਮੰਤਰੀ ਦੇ ਦੌਰੇ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਕੁਝ ਹੋਰ ਸੜਕੀ ਹਿੱਸਿਆਂ 'ਤੇ ਵੀ ਟ੍ਰੈਫਿਕ ਨੂੰ ਕੁਝ ਸਮੇਂ ਲਈ ਰੋਕਿਆ ਜਾਂ ਡਾਇਵਰਟ ਕੀਤਾ ਜਾ ਸਕਦਾ ਹੈ।
ਪਾਰਕਿੰਗ ਦੇ ਨਿਯਮ: ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ, ਸੱਦਾ ਪੱਤਰ ਧਾਰਕਾਂ ਅਤੇ ਸਰਕਾਰੀ ਸਟਾਫ਼ ਨੂੰ ਆਪਣੇ ਵਾਹਨ ਸਿਰਫ਼ ਮਿੱਥੀਆਂ ਗਈਆਂ ਪਾਰਕਿੰਗ ਥਾਵਾਂ 'ਤੇ ਹੀ ਖੜ੍ਹੇ ਕਰਨ ਲਈ ਕਿਹਾ ਗਿਆ ਹੈ।
ਗ਼ੈਰ-ਕਾਨੂੰਨੀ ਪਾਰਕਿੰਗ 'ਤੇ ਹੋਵੇਗੀ ਸਖ਼ਤ ਕਾਰਵਾਈ: ਆਮ ਜਨਤਾ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਵਾਹਨ ਸਾਈਕਲ ਟਰੈਕਾਂ, ਪੈਦਲ ਚੱਲਣ ਵਾਲੇ ਰਸਤਿਆਂ (ਫੁੱਟਪਾਥ) ਅਤੇ 'ਨੋ ਪਾਰਕਿੰਗ' ਜ਼ੋਨ ਵਿੱਚ ਨਾ ਖੜ੍ਹੇ ਕਰਨ। ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨਾਂ ਨੂੰ ਟੋਅ ਕਰ ਲਿਆ ਜਾਵੇਗਾ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ। ਪੁਲਿਸ ਨੇ ਇਸ ਦੌਰਾਨ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਖੇਦ ਪ੍ਰਗਟਾਇਆ ਹੈ।
