ਕਿਹਾ, ‘ਆਪ' ਕਾਰਨ ਨੈਸ਼ਨਲ ਪਾਰਟੀਆਂ ਨੇ ਅਪਣੇ ਏਜੰਡੇ ਬਦਲੇ, ਗੁਰਬਾਣੀ ਪ੍ਰਸਾਰਣ 'ਤੇ ਏਕਾਧਿਕਾਰ ਖ਼ਤਮ ਕਰਨ ਲਈ ਪਾਸ ਬਿੱਲ ਨੂੰ ਮਨਜ਼ੂਰੀ ਦੇਣ ਰਾਜਪਾਲ
ਚੰਡੀਗੜ੍ਹ (ਸਤਵਿੰਦਰ ਸਿੰਘ ਧੜਾਕ): ਪੰਜਾਬ ਦੀ ਜ਼ਰਖੇਜ਼ ਧਰਤੀ ਉਸ ਕੁਕਨੁਸ ਵਰਗੀ ਹੈ, ਜੋ ਹਰ ਵਾਰ ਅਪਣੀ ਹੀ ਰਾਖ ਵਿਚੋਂ ਮੁੜ ਜਨਮ ਲੈਂਦੀ ਹੈ। ਇਤਿਹਾਸ ਗਵਾਹ ਹੈ ਕਿ ਹਰ ਦੌਰ ਵਿਚ ਇਸ ਧਰਤੀ ਦੇ ਖ਼ਜ਼ਾਨਿਆਂ ਨੂੰ ਨਾ ਸਿਰਫ਼ ਬਾਹਰੀ ਧਾੜਵੀਆਂ ਨੇ ਲੁੱਟਿਆ, ਸਗੋਂ ਅਪਣੇ ਹੀ ਲੋਕਾਂ ਨੇ ਵੀ ਇਸ ਨੂੰ ਲੀਰੋ-ਲੀਰ ਕੀਤਾ। ਅੱਜ ਦਾ ਪੰਜਾਬ ਅਪਣੇ ਅੰਦਰੂਨੀ ਸੰਘਰਸ਼ਾਂ ਨਾਲ ਵੀ ਜੂਝ ਰਿਹਾ ਹੈ ਅਤੇ ਨਾਲ ਹੀ ਆਲਮੀ ਸੰਕਟਾਂ ਦੀ ਮਾਰ ਵੀ ਸਹਿ ਰਿਹਾ ਹੈ। ਇਹ ਸਮਾਂ ਹੈ ਪੰਜਾਬ ਦੇ ਅਸਲ ਮਸਲਿਆਂ ਨਾਲ ਸਿੱਧੀ ਟੱਕਰ ਲੈਣ ਦਾ।
ਇਸੇ ਦਿਸ਼ਾ ਵਿਚ ‘ਰੋਜ਼ਾਨਾ ਸਪੋਕਸਮੈਨ’ ਵਲੋਂ ਇਕ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ। ਇਸ ਮੰਚ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਮੌਜੂਦਾ ਸਰਕਾਰ ਪੰਜਾਬ ਦੇ ਅਹਿਮ ਮਸਲਿਆਂ ਨਾਲ ਕਿਵੇਂ ਨਜਿੱਠ ਰਹੀ ਹੈ ਅਤੇ ਅਗਲੇ ਟੀਚੇ ਕੀ ਹਨ। ਕੀ ਪੰਜਾਬ ਮੁੜ ਉਸ ਮੁਕਾਮ ’ਤੇ ਪਹੁੰਚ ਸਕੇਗਾ, ਜਿਥੇ ਉਹ ਅਪਣੇ ਆਪ ’ਤੇ ਮਾਣ ਕਰ ਸਕੇ? ‘ਰੋਜ਼ਾਨਾ ਸਪੋਕਸਮੈਨ’ ਵਲੋਂ ਆਯੋਜਤ ਕੌਨਕਲੇਵ ਪ੍ਰੋਗਰਾਮ ਵਿਚ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਸੰਜੀਵ ਅਰੋੜਾ, ਸੰਸਦ ਮੈਂਬਰ ਮੀਤ ਹੇਅਰ ਅਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਇਸ ਦੌਰਾਨ ‘ਰੋਜ਼ਾਨਾ ਸਪੋਕਸਮੈਨ’ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੇਬਾਕ ਅੰਦਾਜ਼ ਵਿਚ ਸਵਾਲ-ਜਵਾਬ ਕੀਤੇ। ਪੇਸ਼ ਹਨ ਉਸ ਗੱਲਬਾਤ ਦੇ ਮੁੱਖ ਅੰਸ਼।
ਸਵਾਲ: ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਸੰਸਦ ਮੈਂਬਰ ਵੀ ਨਹੀਂ ਸੀ ਤੇ ਪਹਿਲੀ ਵਾਰ ਉਮੀਦਵਾਰ ਬਣ ਕੇ ਆਏ ਸੀ ਉਦੋਂ ਤੋਂ ਹੁਣ ਤਕ ਤੁਹਾਡੀ ਮਨੋਦਸ਼ਾ ਵਿਚ ਕਾਫ਼ੀ ਅੰਤਰ ਦੇਖਣ ਨੂੰ ਮਿਲਿਆ ਹੈ। ਤੁਹਾਨੂੰ ਅਪਣੇ ਆਪ ਵਿਚ ਕਿੰਨਾ ਅੰਤਰ ਲਗਦਾ ਹੈ?
ਜਵਾਬ: ਮੁੱਖ ਮੰਤਰੀ ਬਣਨ ਤੋਂ ਲੈ ਕੇ ਹੁਣ ਤਕ 4 ਸਾਲ ਇਕ ਮਹੀਨਾ ਹੋ ਗਿਆ ਹੈ। ਮੇਰੇ ਸਫ਼ਰ ਵਿਚ ਕਦੇ ਵੀ ਖੜੋਤ ਨਹੀਂ ਆਈ ਸਗੋਂ ਮੈਂ ਅਪਣੀ ਲੀਡਰਸ਼ਿਪ ਦੀ ਅਗਵਾਈ ਮੰਨ ਕੇ ਲੋਕਾਂ ਦੀ ਸੇਵਾ ਲਈ ਕਾਰਜ ਕੀਤੇ ਹਨ। ਜੋ ਗਰੰਟੀਆਂ ਅਸੀਂ ਦਿਤੀਆਂ ਸਨ ਪੂਰੀਆਂ ਕੀਤੀਆਂ ਹਨ। ਚਾਹੇ ਲੋਕ ਸਭਾ ਵਿਚ ਮੁੱਦੇ ਹੋਣ ਜਾਂ ਇਥੇ ਪੰਜਾਬ ਵਿਚ ਮੁੱਖ ਮੰਤਰੀ ਬਣ ਕੇ ਸਾਡਾ ਮਕਸਦ ਰੰਗਲਾ ਪੰਜਾਬ ਬਣਾਉਣ ਦਾ ਹੈ। ਮੇਰੇ ਸਿਰ ’ਤੇ ਪੰਜਾਬ ਨੇ ਜ਼ਿੰਮੇਵਾਰੀਆਂ ਨਾਲ ਭਰਿਆ ਘੜਾ ਰਖਿਆ ਹੈ ਮੈਂ ਸੰਭਲ-ਸੰਭਲ ਕੇ ਪੈਰ ਰਖਦਾ ਹੋਇਆ ਸੇਵਾ ਕਰ ਰਿਹਾ ਹਾਂ।
ਸਵਾਲ: ਤੁਹਾਡੀਆਂ ਲੱਤਾਂ ਖਿੱਚਣ ਵਾਲੇ ਪਾਰਟੀ ਵਿਚ ਵੀ ਬਹੁਤ ਹਨ ਤੇ ਪਾਰਟੀ ਤੋਂ ਬਾਹਰ ਵੀ ਉਨ੍ਹਾਂ ਨੂੰ ਕਿਵੇਂ ਦੇਖਦੇ ਹੋ?
ਜਵਾਬ: ਪਾਰਟੀ ਤੇ ਸਰਕਾਰ ਵਿਚ ਲੱਤਾਂ ਖਿੱਚਣ ਵਾਲੇ ਅਤੇ ਧੱਕੇ ਦੇਣ ਵਾਲੇ ਹੁੰਦੇ ਹਨ ਪਰ ਜਿਸ ਨੇ ਚੁੰਝ ਦਿਤੀ ਹੋਵੇ, ਉਹ ਚੋਗਾ ਵੀ ਦਿੰਦਾ ਹੈ। ਇਹ ਵੀ ਗੱਲ ਹੈ ਕਿ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਵਾਸਤੇ ਕਾਰਜਕਾਲ ਦਾ ਸਮਾਂ ਮਾਇਨੇ ਨਹੀਂ ਰਖਦਾ। ਕਾਰਜਕਾਲ ਭਾਵੇਂ 5 ਸਾਲਾਂ ਦਾ ਹੋਵੇ ਜਾਂ 10-15 ਦਾ ਇਸ ਦਾ ਫ਼ਰਕ ਨਹੀਂ ਪੈਂਦਾ। ਕੁੱਝ ਖਿਡਾਰੀ ਐਦਾਂ ਦੇ ਹੁੰਦੇ ਹਨ ਜਿਹੜੇ 4 -5 ਮਿੰਟਾਂ ਲਈ ਖੇਡਣ ਆਉਂਦੇ ਹਨ ਤੇ ਅਪਣੀ ਪ੍ਰਤਿਭਾ ਦਿਖਾ ਕੇ ਵਾਹ-ਵਾਹੀ ਲੁੱਟ ਕੇ ਚਲੇ ਜਾਂਦੇ ਹਨ। ਮੈਂ ਪਲ-ਪਲ ਲੋਕਾਂ ਲਈ ਜ਼ਿੰਮੇਵਾਰੀ ਨਿਭਾਈ ਹੈ ਇਸ ਲਈ ਲੋਕ ਲਹਿਰ ਜਿਸ ਨੂੰ ਪਿਆਰ ਕਰਦੀ ਹੈ ਉਹ ਹਮੇਸ਼ਾ ਜੇਤੂ ਰਹਿੰਦਾ ਹੈ। ਬਾਕੀ ਕਿਸਮਤ ਵੀ ਹੁੰਦੀ ਹੈ ਤੇ ਸੰਘਰਸ਼ ਵੀ ਕੰਮ ਕਰਦਾ ਹੈ।
ਸਵਾਲ: ਤੁਹਾਡੇ ਸਾਥੀਆਂ ਦਾ ਕਾਫ਼ਲਾ ਛੋਟਾ ਹੋ ਗਿਆ, ਕਈ ਰਸਤੇ ਵਿਚ ਛੱਡ ਗਏ, ਕਈਆਂ ਨੇ ਤੁਹਾਡੀ ਪਿੱਠ ਵਿਚ ਛੁਰੇ ਵੀ ਮਾਰੇ, ਇਸ ਬਾਰੇ ਕੀ ਵਿਚਾਰ ਹੈ?
ਜਵਾਬ: ਨਿਮਰਤ ਜੀ, ਤੁਸੀਂ ਮੇਰੇ ਮੁਹੰਮਦ ਬਖ਼ਸ਼ ਵਾਲੇ ਸ਼ੇਅਰ ਤੋਂ ਮੁਤਾਸਰ ਹੋ ਕੇ ਇਹ ਸਵਾਲ ਕੀਤਾ ਹੈ। ਪਰ ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਕਾਫ਼ਲਾ ਸਾਥੀਆਂ ਦਾ ਨਹੀਂ ਰਾਜਨੀਤੀ ਵਿਚ ਇਹ ਲੋਕਾਂ ਦਾ ਕਾਫ਼ਲਾ ਵੱਡਾ ਹੁੰਦਾ ਹੈ। ਹਰ ਘਰ ਰਾਜਨੀਤੀ ਹੈ। ਕੁੱਝ ਲੋਕ ਸਾਡੀ ਪਾਰਟੀ ਵਿਚ ਇਸ ਲਈ ਆਏ ਕਿ ਉਨ੍ਹਾਂ ਨੇ ਮੌਕੇ ਦਾ ਫ਼ਾਇਦਾ ਲੈਣਾ ਸੀ। ਕੁੱਝ ਲੋਕ ਇਸ ਲਈ ਆਉਂਦੇ ਹਨ ਕਿ ਲਾਈਨ ਕਾਫ਼ੀ ਛੋਟੀ ਹੈ ਸ਼ਾਇਦ ਉਨ੍ਹਾਂ ਨੂੰ ਵੀ ਮੌਕਾ ਮਿਲ ਸਕੇਗਾ। ਰਾਜਨੀਤੀ ਸਬਰ ਦੀ ਖੇਡ ਹੈ, ਕੋਈ ਰਾਤੋ-ਰਾਤ ਸਟਾਰ ਬਣਨ ਦੇ ਖੇਡ ਨਹੀਂ ਹੈ,ਜਿਸ ਦਾ ਸਬਰ ਜਲਦੀ ਟੁੱਟ ਗਿਆ ਉਹ ਛੱਡ ਕੇ ਚਲੇ ਜਾਂਦੇ ਹਨ। ਤੁਸੀਂ ਹੌਲੀ-ਹੌਲੀ ਅਪਣਾ ਸਫ਼ਰ ਸ਼ੁਰੂ ਕਰਦੇ ਹੋ, ਜਿਵੇਂ ਰੋਜ਼ਾਨਾ ਸਪੋਕਸਮੈਨ ਨੇ ਕੀਤਾ। ਇਸ ਅਖ਼ਬਾਰ ਨੂੰ ਮੁਸ਼ਕਲਾਂ ’ਚੋਂ ਨਿਕਲ ਕੇ ਅੱਗੇ ਵਧਦੇ ਦੇਖਿਆ ਹੈ ਤੇ ਹੁਣ ਸੈਟੇਲਾਈਟ ’ਤੇ ਆ ਗਿਆ ਹੈ ਤੇ ਹੁਣ ਧਰੂ ਤਾਰੇ ਵਾਂਗੂੰ ਪੂਰੀ ਦੁਨੀਆਂ ਵਿਚ ਚਮਕਦਾ ਹੈ। ਤੁਹਾਡੇ ਤੋਂ ਪਹਿਲਾਂ ਵੀ ਕਈ ਨਵੇਂ ਅਖ਼ਬਾਰ ਤੇ ਚੈਨਲ ਆਏ ਪਰ ਕਹਾਵਤ ਹੈ ਕਿ ਸਲੋਅ ਐਂਡ ਸਟੀਡੀ ਵਿਨਜ਼ ਦਾ ਰੇਸ। ਇਹੀ ਮੇਰੇ ਨਾਲ ਵੀ ਵਾਪਰ ਰਿਹਾ ਹੈ।
ਸਵਾਲ: ਪਰ ਉਹ ਲੋਕ ਤੁਹਾਡੇ ਨਾਲ ਪਾਰਟੀ ਦੀ ਰਣਨੀਤੀ ਬਣਾਉਣ ਵਾਲਿਆਂ ਵਿਚੋਂ ਪਹਿਲੇ ਦਿਨ ਤੋਂ ਸਨ ਉਨ੍ਹਾਂ ਲਈ ਵੀ ਸਿਆਸਤ ਵੱਡੀ ਕੁਰਸੀ ਤਕ ਰਹਿ ਗਈ, ਜਿਸ ਨੂੰ ਵੱਡੀ ਕੁਰਸੀ ਨਹੀਂ ਮਿਲੇਗੀ ਉਹ ਛੱਡ ਕੇ ਦੌੜ ਜਾਵੇਗਾ?
ਜਵਾਬ: ਅਪਣੇ ਮੁਲਕ ਵਿਚ ਸਿਆਸਤ ਸਿਰਫ਼ ਦੇਸ਼ ਵਿਚ ਨਹੀਂ ਲੋਕਾਂ ਦੇ ਚੁੱਲ੍ਹਿਆਂ ਤਕ ਪੁੱਜ ਗਈ ਹੈ। ਹਰ ਘਰ ਵਿਚ ਰਾਜਨੀਤੀ ਹੈ ਜਿਨ੍ਹਾਂ ਲੋਕਾਂ ਨੂੰ ਇਰਾਨ ਦੀ ਭੂਗੋਲਿਕ ਸਥਿਤੀ ਦਾ ਨਹੀਂ ਪਤਾ ਉਨ੍ਹਾਂ ਦੇ ਘਰਾਂ ਵਿਚ ਵੀ ਜੰਗ ਦੀਆਂ ਗੱਲਾਂ ਚਲ ਰਹੀਆਂ ਹਨ। ਸਾਡੀ ਸਿਆਸਤ ਲੋਕਾਂ ਦੇ ਚੁੱਲ੍ਹਿਆਂ ਵਿਚ ਅੱਗ ਬਾਲਣ ਦੀ ਹੈ ਤੇ ਸਿਵਿਆਂ ਦੀ ਅੱਗ ਠੰਢੀ ਕਰਨ ਦੀ। ਅਸੀਂ ਕੁਰਸੀ ਲਈ ਨਹੀਂ ਆਏ ਸੀ ਜਿਹੜੇ ਕੁਰਸੀ ਲਈ ਆਏ ਉਹ ਤਾਂ ਪਾਰਟੀ ਵਿਚੋਂ ਬਾਹਰ ਵੀ ਚਲੇ ਗਏ। ਸਿਆਸਤ ਸਾਡੇ ਘਰ ਦੀ ਹਰ ਗੱਲ ’ਤੇ ਪ੍ਰਭਾਵ ਪਾਉਂਦੀ ਹੈ ਜਿਵੇਂ ਜੰਗ ਕਾਰਨ ਹੁਣ ਗੈਸ ਸਿਲੰਡਰਾਂ ਤਕ ਘਾਟ ਪੈਦਾ ਹੋਈ ਜਾਂ ਹੋਰ ਚੀਜ਼ਾਂ ਦੀ ਕਿੱਲਤ ਆਈ ਹੈ। ਹੁਣ ਦੇਖਿਆ ਜਾਵੇ ਤਾਂ ਇਹ ਲੋਕ ਮੁੱਦਾ ਲੋਕਾਂ ਨੇ ਖੜ੍ਹਾ ਨਹੀਂ ਕੀਤਾ ਬਲਕਿ ਇਹ ਅੰਤਰਰਾਸ਼ਟਰੀ ਸਿਆਸੀ ਘਟਨਾਕ੍ਰਮ ਵਿਚੋਂ ਨਿਕਲਿਆ ਹੋਇਆ ਮੁੱਦਾ ਹੈ। ਇਸ ਲਈ ਛੱਡ ਜਾਂ ਆਏ ਲੋਕਾਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਉਹ ਲੋਕ ਸੇਵਾ ਲਈ ਸਿਆਸਤ ਵਿਚ ਆਉਣ ਨਾ ਕਿ ਨਿਜੀ ਫ਼ਾਇਦਿਆਂ ਲਈ।
ਸਵਾਲ : ਮਾਨ ਸਾਹਿਬ, ਤੁਹਾਡੀ ਪਾਰਟੀ ਇਮਾਨਦਾਰੀ ਵਿਚੋਂ ਨਿਕਲੀ ਹੋਈ ਪਾਰਟੀ ਹੈ ਤੇ ਇਹ ਮੰਨਿਆਂ ਜਾਂਦਾ ਸੀ ਕਿ ਇਹ ਇਮਾਨਦਾਰੀ ਨਾਲ ਖੜ੍ਹੀ ਹੈ। ਕੀ ਮੰਨਦੇ ਹੋ ਕਿ ਇਹ ਦਾਅਵਾ ਕਿੰਨਾ ਕੁ ਪੂਰਾ ਹੋਇਆ? ਵਿਰੋਧੀ ਵੀ ਸਵਾਲ ਖੜ੍ਹੇ ਕਰਦੇ ਹਨ।
ਜਵਾਬ: ਦੇਖੋ ਜੀ, ਕਿਸੇ ਵੀ ਬੰਦੇ ਦੇ ਦਿਲ ਵਿਚ ਨਹੀਂ ਵੜਿਆ ਜਾ ਸਕਦਾ। ਇਹ ਗੱਲ ਜ਼ਰੂਰ ਹੈ ਜਿਸ ਨੇ ਵੀ ਪਾਰਟੀ ਹਿਤਾਂ ਤੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਉਸ ’ਤੇ ਸਾਡੀ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਇਹ ਪਾਰਟੀ ਐਂਟੀ ਕੁਰੱਪਸ਼ਨ ਮੁਹਿੰਮ ਵਿਚੋਂ ਨਿਕਲੀ ਹੈ ਤੇ ਹੁਣ ਇਹ ਨੈਸ਼ਨਲ ਪਾਰਟੀ ਬਣ ਗਈ ਹੈ। ਇਹ ਚੰਦ ਲੀਡਰਾਂ ਦੀ ਪਾਰਟੀ ਨਹੀਂ ਲੋਕਾਂ ਦੀ ਪਾਰਟੀ ਹੈ। ਹੁਣ ਇਹ ਸਮਾਜ ਸੇਵੀ ਜਥੇਬੰਦੀ ਨਹੀਂ ਪਾਰਟੀ ਹੈ। ਅਸੀਂ ਕਦੇ ਵੀ ਅਪਣੇ ਸਿਧਾਤਾਂ ਤੋਂ ਪਿੱਛੇ ਨਹੀਂ ਹਟੇ । ਨਾਲੇ ਇਹ ਆਮ ਧਾਰਨਾ ਹੈ ਕਿ ਇਮਾਨਦਾਰ ਉਹ ਹੈ ਜਿਸ ਨੂੰ ਮੌਕਾ ਨਹੀਂ ਮਿਲਿਆ। ਜੇ ਮੌਕਾ ਮਿਲਣ ਤੋਂ ਬਾਅਦ ਵੀ ਕੋਈ ਇਮਾਨਦਾਰੀ ਦਾ ਪੱਲਾ ਨਹੀਂ ਛੱਡਦਾ ਤਾਂ ਉਸ ਦੀ ਅਸੀਂ ਹੀ ਨਹੀਂ ਸਾਰਾ ਸੰਸਾਰ ਕਦਰ ਕਰਦਾ ਹੈ।
ਸਵਾਲ: ਤੁਸੀਂ ਕਿਵੇਂ ਏਜੰਡੇ ਸੈੱਟ ਕਰਦੇ ਹੋ ਅਪਣੀ ਪਾਰਟੀ ਦੇ, ਦੂਜੀਆਂ ਪਾਰਟੀਆਂ ਨੂੰ ਤੁਸੀਂ ਹਜ਼ਮ ਕਿਉਂ ਨਹੀਂ ਹੁੰਦੇ?
ਜਵਾਬ: ਨਿਮਰਤ ਜੀ, ਇਹ ਗੱਲ ਤਾਂ ਤੈਅ ਹੈ ਕਿ ਅਸੀਂ ਆਮ ਲੋਕਾਂ ਦੀ ਗੱਲ ਕਰਨ ਲਈ ਸੱਤਾ ਵਿਚ ਆਏ ਸੀ। ਅਸੀਂ ਭਗਤ ਸਿੰਘ ਤੇ ਆਜ਼ਾਦੀ ਘੁਲਾਟੀਆਂ ਦੀ ਸੋਚ ’ਤੇ ਚਲੇ ਹਾਂ ਤੇ ਮੁੱਦੇ ਵੀ ਉਹ ਲੈ ਕੇ ਆਏ ਜਿਨ੍ਹਾਂ ਨੂੰ ਦੇਖ ਕੇ ਨੈਸ਼ਨਲ ਤੇ ਰਵਾਇਤੀ ਪਾਰਟੀਆਂ ਨੇ ਅਪਣੇ ਏਜੰਡੇ ਬਦਲ ਲਏ। ਕਾਂਗਰਸੀ, ਅਕਾਲੀ ਤੇ ਭਾਜਪਾ ਵਰਗੀਆਂ ਵੱਡੀਆਂ ਪਾਰਟੀਆਂ ਦੇ ਲੀਡਰ ਜਿਹੜੇ ਪਹਿਲਾਂ ਹਿੰਦੂ, ਮੁਸਲਮ ਤੇ ਧਰਮ ਦੀਆਂ ਰੋਟੀਆਂ ਸੇਕਦੇ ਸੀ ਹੁਣ ਸਿਖਿਆ ਤੇ ਮੈਡੀਕਲ ਤੇ ਬਿਜਲੀ-ਪਾਣੀ, ਵਿਕਾਸ ਦੇ ਮੁੱਦਿਆਂ ਤੇ ਲੋਕਾਂ ਦੀਆਂ ਗੱਲ ਕਰਨ ਲੱਗ ਗਏ ਹਨ। ਸਾਡੀ ਪਾਰਟੀ ਦਾ ਕੋਈ ਧੜਾ ਨਹੀਂ, ਲੋਕ ਹੀ ਸਾਡਾ ਧੜਾ ਹਨ। ਆਹ ਰਾਜਾ ਵੜਿੰਗ ਦਾ ਕੋਟਾ, ਇਹ ਪ੍ਰਤਾਪ ਬਾਜਵਾ ਦਾ ਕੋਟਾ, ਇਹ ਰਾਹੁਲ ਦਾ ਕੋਟਾ। ਅਜਿਹਾ ਸਾਡੀ ਪਾਰਟੀ ਵਿਚ ਨਹੀਂ ਹੈ। ਇਥੇ ਭਾਈ-ਭਤੀਜਾਵਾਦ ਨੂੰ ਕੋਈ ਥਾਂ ਨਹੀਂ ਹੈ, ਸਾਡਾ ਮਕਸਦ ਇਹ ਹੈ ਕਿ ਲੋਕਾਂ ਲਈ ਕੀ ਕੀਤਾ ਜਾਵੇ, ਅਸੀਂ ਉਹ ਕੁੱਝ ਕਰ ਕੇ ਦਿਖਾਇਆ ਜੋ ਪਹਿਲਾਂ ਸਿਰਫ਼ ਲੋਕਾਂ ਨੂੰ ਕਿਹਾ ਜਾਂਦਾ ਸੀ ਜਾਂ ਕਿਹਾ ਵੀ ਨਹੀਂ ਜਾਂਦਾ ਸੀ।
ਸਵਾਲ: ਮਾਨ ਸਾਹਿਬ, ਪੰਜਾਬ ਸਿਰ ਵੱਡਾ ਕਰਜ਼ਾ ਖੜ੍ਹਾ ਹੈ, ਇਸ ਦੀ ਕਿਸ਼ਤਾਂ ਦੇ ਵੀ ਰੌਲੇ ਪਏ ਸੀ ਪਰ ਤੁਸੀਂ ਕਹਿ ਦਿਤਾ ਕਿ ਅਸੀਂ ਮੋੜਨਾ ਨਹੀਂ ਹੈ। ਕੀ ਸਥਿਤੀ ਸਪੱਸ਼ਟ ਕਰੋਗੇ?
ਜਵਾਬ: ਨਹੀਂ-ਨਹੀਂ ਇਹ ਨਹੀਂ ਕਿਹਾ ਕਿ ਕਰਜ਼ਾ ਵਾਪਸ ਨਾ ਕਰਨ ਦੀ ਕੋਈ ਗੱਲ ਨਹੀਂ ਹੈ। ਕਰਜ਼ਾ ਕੋਈ ਅਸੀਂ ਨਹੀਂ ਲਿਆ ਸੀ ਸਾਨੂੰ ਤਾਂ ਰਵਾਇਤੀ ਪਾਰਟੀ ਅਕਾਲੀ ਦਲ ਤੇ ਨੈਸ਼ਨਲ ਪਾਰਟੀ ਕਾਂਗਰਸ ਨੇ ਵਿਰਾਸਤ ਵਿਚ ਇਹ ਕਰਜ਼ਾ ਦਿਤਾ ਹੈ ਅਸੀਂ ਤਾਂ ਬਲਕਿ ਇਨ੍ਹਾਂ ਦਾ ਦਿਤਾ ਕਰਜ਼ਾ ਲਾਹੁਣ ਲਈ ਹੱਥ-ਪੈਰ ਮਾਰ ਰਹੇ ਹਾਂ। ਨਾਲੇ ਅੱਜ ਦੇ ਸਮੇਂ ’ਤੇ ਕੋਈ ਅਜਿਹਾ ਵੱਡਾ ਵਪਾਰੀ ਨਹੀਂ ਜੋ ਕਰਜ਼ਾ ਨਹੀਂ ਲੈਂਦਾ। ਮੈਂ ਇਹ ਕਿਹਾ ਸੀ ਕਿ ਜਦੋਂ ਗੁਜਰਾਤ ਜਾਂ ਦੂਜੇ ਸੂਬੇ ਦੇ ਦੇਣਗੇ ਅਸੀਂ ਵੀ ਕਰਜ਼ਾ ਵਾਪਸ ਕਰ ਦੇਵਾਂਗੇ। ਅਮਰੀਕਾ ਵਰਗੇ ਦੇਸ਼ ਤੇ 38 ਟਰੀਲੀਅਨ ਡਾਲਰ ਕਰਜ਼ਾ ਹੈ। ਦੂਜੇ ਸਾਡੇ ਦੇਸ਼ ਭਾਰਤ ਉਤੇ ਮੋਦੀ ਸਰਕਾਰ ਦੇ ਕਾਰਜਕਾਲ ਦੇ 12 ਸਾਲਾਂ ਦੌਰਾਨ ਪਹਿਲਾਂ ਨਾਲ ਚਾਰ ਗੁਣਾ ਜੋ ਕਿ ਕਰੀਬ 181 ਲੱਖ ਕਰੋੜ ਰੁਪਏ ਬਣ ਗਿਆ ਹੈ। ਨਿਮਰਤ ਜੀ ਸਾਡੇ ਤੋਂ ਪਹਿਲਾਂ ਜਿਨ੍ਹਾਂ ਨੇ ਕਰਜ਼ਾ ਲਿਆ ਸੀ ਉਸ ’ਤੇ ਐਨਾ ਵਿਆਜ਼ ਲੱਗਿਆ ਹੋਇਆ ਹੈ, ਅਸੀਂ ਉਸ ਦੀਆਂ ਕਿਸ਼ਤਾਂ ਨੂੰ ਮੋੜਨ ਵਾਸਤੇ ਤੇ ਵਿਕਾਸ ਕਰਨ ਵਾਸਤੇ ਸਸਤੇ ਰੇਟਾਂ ’ਤੇ ਕਰਜ਼ਾ ਲੈਂਦੇ ਹਾਂ ਤਾਂ ਜੋ ਦੂਜੀਆਂ ਪਾਰਟੀਆਂ ਵਲੋਂ ਸਾਡੇ ਸਿਰ ਮੜੀ ਕਰਜ਼ੇ ਦੀ ਪੰਡ ਹੌਲੀ ਕਰ ਸਕੀਏ। ਇਨ੍ਹਾਂ ਨੇ ਜਿਹੜੇ ਕਰਜ਼ੇ ਲਏ ਹਨ ਉਨ੍ਹਾਂ ਨਾਲ ਦੇਸ਼ ਦਾ ਨੁਕਸਾਨ ਹੋਇਆ ਹੈ। ਅਸੀਂ ਵਿਕਾਸ ਦੇ ਏਜੰਡੇ ’ਤੇ ਕੰਮ ਰਹੇ ਹਾਂ।
ਸਵਾਲ: ਮਾਨ ਸਾਹਿਬ, ਸਬਸਿਡੀਆਂ ਦੇ ਹੋਣ ਦੇ ਬਾਵਜੂਦ ਵਿਰੋਧੀਆਂ ਵਲੋਂ ਮੁਫ਼ਤ ਸਹੂਲਤਾਂ ਦੇਣ ਦੇ ਲਗਾਏ ਜਾਂਦੇ ਦੋਸ਼ਾਂ ਬਾਰੇ ਕੀ ਕਹੋਗੇ? ਕਿਉਂਕਿ ਕਰਜ਼ਾ ਵੀ ਹੈ ਤੇ ਹੁਣ ਨਵੇਂ ਖ਼ਰਚੇ ਵੀ ਸ਼ੁਰੂ ਹੋ ਜਾਣਗੇ।
ਜਵਾਬ: ਨਿਮਰਤ ਜੀ, ਤੁਸੀਂ ਦੇਖੋ ਕਿ ਅਸੀਂ ਅਪਣੇ ਵਸੀਲੇ ਵਧਾ ਕੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਨ। ਟੋਲ ਪਲਾਜ਼ੇ ਜਿਥੇ ਮੰਤਰੀਆਂ, ਸੰਤਰੀਆਂ ਲਈ ਤਾਂ ਮੁਫ਼ਤ ਹਨ ਪਰ ਆਮ ਲੋਕਾਂ ਤੋਂ ਵਸੂਲੇ ਜਾ ਰਹੇ ਸਨ ਜੋ ਅਸੀਂ ਬੰਦ ਕੀਤੇ ਹਨ। ਅਸੀਂ ਸਬਸਿਡੀਆਂ ਦੇਣ ਦੇ ਬਾਵਜੂਦ ਅਪਣੇ ਵਿਭਾਗਾਂ ਨੂੰ ਵਾਧੇ ਵਿਚ ਰਖਿਆ ਹੈ। ਤੁਸੀਂ ਦੇਖੋ ਕਿ ਅਸੀਂ ਝਾਰਖੰਡ ਦੇ ਪਛਵਾੜਾ ਵਿਚ ਬੰਦ ਪਈ ਪੰਜਾਬ ਦੀ ਕੋਲੇ ਦੀ ਖਾਣ ਅਸੀਂ ਚਾਲੂ ਕਰਵਾਈ। ਜਿਸ ਵਿਚੋਂ 70 ਲੱਖ ਮੀਟਰਕ ਟਨ ਕੋਲਾ ਕੱਢ ਰਹੇ ਹਾਂ ਜਿਸ ਨਾਲ 1300 ਕਰੋੜ ਰੁਪਏ ਦੀ ਬੱਚਤ ਹੋਈ ਹੈ। ਪਹਿਲਾਂ ਨਾ ਤਾਂ ਲੋਕਾਂ ਨੂੰ ਪੂਰੀ ਬਿਜਲੀ ਮਿਲਦੀ ਸੀ ਤੇ ਨਾਲੇ ਬੋਰਡ ਘਾਟੇ ਵਿਚ ਚਲ ਰਿਹਾ ਸੀ। ਹੁਣ ਪੰਜਾਬ ਦੇ 90 ਫ਼ੀ ਸਦੀ ਘਰਾਂ ਵਿਚ ਬਿਜਲੀ ਦਾ ਜ਼ੀਰੋ ਬਿਜਲੀ ਬਿੱਲ ਆ ਰਿਹਾ ਹੈ। ਸਸਤੀ ਤੇ ਮੁਫ਼ਤ ਬਿਜਲੀ ਦੇਣ ਦੇ ਬਾਵਜੂਦ ਪੂਰੀ ਸਬਸਿਡੀ ਵੀ ਸਰਕਾਰ ਮੁਹਈਆ ਕਰਵਾ ਰਹੀ ਹੈ ਤੇ ਬਿਜਲੀ ਨਿਗਮ ਵੀ ਘਾਟੇ ਵਿਚ ਨਹੀਂ ਹੈ। ਪਿਛਲੀਆਂ ਸਰਕਾਰਾਂ, ਸਰਕਾਰੀ ਜਾਇਦਾਦਾਂ ਵੇਚਦੀਆਂ ਰਹੀਆਂ ਹਨ ਪਰ ਅਸੀਂ ਨਿਜੀ ਪ੍ਰਾਪਰਟੀਆਂ ਖ਼ਰੀਦ ਰਹੇ ਹਾਂ। ਗੋਇੰਦਵਾਲ ਵਿਖੇ 540 ਮੈਗਾਵਾਟ ਦੀ ਸਮਰਥਾ ਵਾਲਾ ਜੀਬੀਕੇ ਕੰਪਨੀ ਦਾ ਥਰਮਲ ਪਲਾਂਟ ਅਸੀਂ 1080 ਕਰੋੜ ਰੁਪਏ ’ਚ ਖ਼ਰੀਦਿਆ ਹੈ।
ਸਵਾਲ: ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਬੜਾ ਗੰਭੀਰ ਹੈ, ਕਿੰਨੇ ਕੁ ਬੰਦੇ ਫੜੇ, ਵੱਡੇ ਬੰਦੇ ਤਾਂ ਕਹਿੰਦੇ ਬਾਹਰ ਹੀ ਫਿਰਦੇ ਹਨ? ਰਿਸ਼ਵਤ ਦੇ ਮਾਮਲੇ, ਫਿਰੌਤੀਆਂ ਤੇ ਹੋਰ ਗੈਂਗਾਂ ਦੇ ਮਾਮਲੇ ਸਿਰ ਚੁੱਕੀ ਖੜ੍ਹੇ ਹਨ। ਇਨ੍ਹਾਂ ਬਾਰੇ ਤੁਸੀਂ ਕੀ ਕਹੋਗੇ?
ਜਵਾਬ: ਕਿਉਂ ਵੱਡਾ ਬੰਦਾ ਫੜਿਆ ਤਾਂ ਹੈ, ਨਾਲੇ ਉਸ ਨੂੰ ਕੋਈ ਹੱਥ ਵੀ ਨਹੀਂ ਸੀ ਪਾ ਰਿਹਾ, ਜੋ ਵੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿਚ ਯੋਗਦਾਨ ਪਾਵੇਗਾ ਉਸ ਨੂੰ ਜੇਲ ਜਾਣਾ ਪਵੇਗਾ। ਚਿੱਟੇ ਜਾਂ ਕਾਲੇ ਦਾ ਕੋਈ ਵੀ ਕੇਸ ਹੋਵੇ ਕੋਈ ਲਿਹਾਜ਼ ਨਹੀਂ ਵਰਤਾਂਗੇ। ਜਿਥੋਂ ਤਕ ਸੂਬੇ ਦਾ ਸਵਾਲ ਹੈ, ਪੰਜਾਬ ਬਾਰਡਰ ਸਟੇਟ ਹੈ, ਸਾਡਾ 532 ਕਿਲੋਮੀਟਰ ਖੇਤਰ ਬਾਰਡਰ ਨਾਲ ਲਗਦਾ ਹੈ। ਇਸ ਲਈ ਸਾਡੀਆਂ ਚੁਣੌਤੀਆਂ ਵੀ ਹੋਰਨਾਂ ਰਾਜਾਂ ਦੇ ਮੁਕਾਬਲੇ ਵਧੇਰੇ ਹਨ। ਬਾਰਡਰ ਪਾਰੋਂ ਹੀ ਨਸ਼ੇ ਅਤੇ ਹਥਿਆਰ ਆਉਂਦੇ ਹਨ ਜੋ ਕਿ ਡਰੋਨਾਂ ਰਾਹੀਂ ਇਥੇ ਭੇਜੇ ਜਾਂਦੇ ਹਨ। ਜਿਵੇਂ ਕਹਿੰਦੇ ਹਨ ਕਿ ਪੰਜਾਬ ਦਿਆਂ ਜੰਮਿਆਂ ਲਈ ਨਿਤ ਮੁਹਿੰਮਾਂ ਅਸੀਂ ਸਖ਼ਤੀ ਨਾਲ ਨਿਪਟ ਰਹੇ ਹਾਂ। ਪਰ ਸਾਡੀ ਮੁਹਿੰਮ ਯੁੱਧ ਨਸ਼ਿਆਂ ਵਿਰੁਧ ਬੜੀ ਸਫ਼ਲਤਾ ਨਾਲ ਚਲ ਰਹੀ ਹੈ। ਲੋਕ ਵੀ ਸਹਿਯੋਗ ਦੇ ਰਹੇ ਹਨ। ਨਸ਼ਾ ਕਿਉਂਕਿ ਸਮਾਜਕ ਮੁੱਦਾ ਹੈ ਇਸ ਲਈ ਇਸ ਵਿਚ ਲੋਕਾਂ ਦਾ ਸਾਥ ਮਿਲਣਾ ਬਹੁਤ ਜ਼ਰੂਰੀ ਹੈ। ਮੈਂ ਜਲੰਧਰ ਗਿਆ ਸੀ ਲੋਕ ਖ਼ੁਦ ਹੁਣ ਦਸਦੇ ਹਨ ਕਿ ਗੱਡੀ ਕਿੰਨੇ ਵਜੇ ਆਉਂਦੀ ਹੈ ਤੇ ਅਸੀਂ ਫੜ ਲੈਂਦੇ ਹਾਂ। ਬਾਕੀ ਗੈਂਗਾਂ ’ਤੇ ਵੀ ਕੰਟਰੋਲ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਨੌਜਵਾਨ ਨਸ਼ਾ ਕਰਨ ਦੇ ਆਦੀ ਵੀ ਅਸੀਂ ਹਸਪਤਾਲ ਭਰਤੀ ਕਰ ਰਹੇ ਹਾਂ। ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵਲ ਉਤਸ਼ਾਹਿਤ ਕਰ ਰਹੇ ਹਾਂ।
ਸਵਾਲ : ਮਾਨ ਸਾਹਿਬ, ਤੁਹਾਡੀ ਕੇਂਦਰ ਨਾਲ ਕਿਉਂ ਨਹੀਂ ਬਣਦੀ, ਇਸ ਗੱਲ ਬਾਰੇ ਤੁਸੀਂ ਕੀ ਕਹੋਗੇ? ਕਹਿੰਦੇ ਤੁਸੀਂ ਤਿੱਖਾ ਬੋਲਦੇ ਹੋ, ਕੀ ਇਹ ਕਾਰਨ ਹੈ?
ਜਵਾਬ: ਮੇਰੀ ਕੇਂਦਰ ਨਾਲ ਨਹੀਂ, ਕੇਂਦਰ ਦੀ ਮੇਰੇ ਨਾਲ ਨਹੀਂ ਬਣਦੀ। ਮੈਂ ਹਮੇਸ਼ਾ ਹੀ ਵਿਕਾਸ ਦੀ ਗੱਲ ਕਰਦਾ ਹਾਂ, ਉਹ ਸਾਡੇ ਫ਼ੰਡ ਰੋਕਦੇ ਹਨ। ਸਾਡਾ ਹਾਲੇ ਤਕ ਵੀ ਉਨ੍ਹਾਂ ਨੇ ਆਰਡੀਐਫ਼ ਦਾ ਪੈਸਾ ਰੋਕਿਆ ਹੋਇਆ ਹੈ। ਇਸ ਪੈਸੇ ਦੀ ਕੈਪਟਨ ਸਰਕਾਰ ਵੇਲੇ ਦੁਰਵਰਤੋਂ ਹੋਈ ਸੀ। ਅਸੀਂ ਕਾਨੁੂੰਨ ਵੀ ਪਾਸ ਕਰ ਦਿਤਾ ਤਾਕਿ ਇਸ ਦੀ ਸਹੀ ਵਰਤੋਂ ਹੋ ਸਕੇ। ਫਿਰ ਵੀ ਸਾਨੂੰ ਪੈਸੇ ਨਹੀਂ ਜਾ ਰਹੇ। ਗ਼ੈਰ ਭਾਜਪਾ ਸਰਕਾਰਾਂ ਨਾਲ ਕੇਂਦਰ ਸਰਕਾਰ ਵਿਤਕਰਾ ਕਰਦੀ ਹੈ , ਸਾਨੂੰ ਅਪਣੇ ਹੱਕਾਂ ਲਈ ਸੁਪਰੀਮ ਕੋਰਟ ਤਕ ਜਾਣਾ ਪਿਆ ਹੈ। ਪੰਜਾਬ ਅੱਜ ਵੀ ਸੱਭ ਤੋਂ ਵੱਧ ਅਨਾਜ ਕੇਂਦਰੀ ਭੰਡਾਰ ਵਿਚ ਦੇ ਰਿਹਾ ਹੈ ਤੇ ਸੱਭ ਤੋਂ ਵੱਧ ਕੁਰਬਾਨੀਆਂ ਵੀ ਹਨ। ਸਾਨੂੰ ਵੱਧ ਸਹੂਲਤਾਂ ਤਾਂ ਕੀ ਦੇਣੀਆਂ ਸਨ ਬਣਦੇ ਹੱਕ ਵੀ ਨਹੀਂ ਦਿਤੇ ਜਾ ਰਹੇ ਹਨ।
ਸਵਾਲ : ਗੁਰਬਾਣੀ ਦੇ ਪ੍ਰਸਾਰਣ ਬਾਰੇ ਏਕਾਧਿਕਾਰ ਖ਼ਤਮ ਕਰਨ ਬਾਰੇ ਤੁਹਾਡੇ ਬਿੱਲ ਦਾ ਕੀ ਬਣਿਆ?
ਜਵਾਬ: ਅਸੀਂ ਇਹ ਬਿੱਲ ਪਾਸ ਕਰ ਦਿਤਾ ਸੀ ਪਰ ਇਸ ਦੀ ਫ਼ਾਈਲ ਰਾਜਪਾਲ ਕੋਲ ਪਈ ਹੈ ਜਦੋਂ ਹੀ ਇਹ ਪਾਸ ਹੋ ਜਾਵੇਗੀ ਤਾਂ ਹਰੇਕ ਨੂੰ ਗੁਰਬਾਣੀ ਦਿਖਾਉਣ ਦਾ ਹੱਕ ਮਿਲ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ’ਤੇ ਕਿਸੇ ਦਾ ਪੇਟੈਂਟ ਨਹੀਂ ਹੋ ਸਕਦਾ, ਕੇਵਲ ਪੀਟੀਸੀ ਨੂੰ ਹੀ ਅਜਿਹਾ ਅਧਿਕਾਰ ਕਿਉਂ ਹੋਵੇ, ਸਪੋਕਸਮੈਨ, ਬੀਬੀਸੀ ਜਾਂ ਕਿਸੇ ਹੋਰ ਚੈਨਲ ਨੂੰ ਇਸ ਦਾ ਅਧਿਕਾਰ ਕਿਉਂ ਨਾ ਹੋਵੇ। ਪੀਟੀਸੀ ਕਹਿੰਦਾ ਹੈ ਕਿ ਉਹ ਇਹ ਕਾਰਜ ਮੁਫ਼ਤ ਵਿਚ ਕਰ ਰਿਹਾ ਹੈ ਪਰ ਉਹ ਟੀਆਰਪੀ ਰਾਹੀਂ ਲੱਖਾਂ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਗੁਰਬਾਣੀ ਸੱਭ ਦੀ ਸਾਂਝੀ ਹੈ ਜਦੋਂ ਰਾਜਪਾਲ ਸਾਹਿਬ ਇਹ ਬਿੱਲ ਪਾਸ ਕਰ ਦੇਣਗੇ ਤਾਂ ਅਸੀਂ ਸਪੋਕਸਮੈਨ ’ਤੇ ਵੀ ਇਹ ਦੇਖਿਆ ਕਰਾਂਗੇ।
ਸਵਾਲ: ਤੁਹਾਡੀ ਕਿੱਕਲੀ ਬੜੀ ਮਸ਼ਹੂਰ ਹੋਈ ਹੈ, ਇਸ ਨੂੰ ਦੇਖ ਕੇ ਹੋਰ ਕਿੱਕਲੀਆਂ ਵੀ ਬਣੀਆਂ ਹਨ। ਕੀ ਕਹੋਗੇ ਸੁਖਬੀਰ ਬਾਦਲ ਖ਼ਾਸ ਕਰ ਕੇ ਤੁਹਾਡੇ ’ਤੇ ਟਿੱਪਣੀ ਕਰਦੇ ਹਨ ਤੇ ਤੁਸੀਂ ਉਨ੍ਹਾਂ ’ਤੇ?
ਜਵਾਬ: ਮੇਰਾ ਬੋਲਣ ਤੇ ਭਾਸ਼ਣ ਦੇਣ ਦਾ ਸਟਾਈਲ ਹੀ ਵਖਰਾ ਹੈ। ਵਿਰੋਧੀ ਮੇਰੇ ਸਟਾਈਲ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਤੋਂ ਇਹ ਨਹੀਂ ਹੁੰਦੀ। ਮੈਨੂੰ ਇਹ ਕਲਾ ਕੁਦਰਤ ਨੇ ਦਿਤੀ ਹੈ। ਮੇਰੀ ਕਿੱਕਲੀ ਵੀ ਇਸੇ ਸਟਾਈਲ ਵਿਚੋਂ ਹੀ ਨਿਕਲੀ ਹੋਈ ਹੈ। ਮੈਨੂੰ ਜਦੋਂ ਸੰਸਦ ਵਿਚ ਵੀ ਘੱਟ ਸਮਾਂ ਮਿਲਦਾ ਸੀ ਉਦੋਂ ਮੈਂ ਮੁੱਦਿਆਂ ਦੀ ਕਵਿਤਾ ਬਣਾ ਕੇ ਪੇਸ਼ ਕਰਦਾ ਸੀ। ਹੋਰ ਤਾਂ ਹੋਰ ਮੈਂ ਹਸਪਤਾਲ ਵੀ ਚਲਾ ਜਾਵਾਂ ਜਾਂ ਕਿਸੇ ਨੂੰ ਉਥੇ ਮਿਲਣ ਵੀ ਚਲਾ ਜਾਵਾਂ ਤਾਂ ਵਿਰੋਧੀ ਖ਼ਾਸ ਕਰ ਕੇ ਮਜੀਠੀਆ ਮੀਡੀਆ ’ਚ ਪ੍ਰਚਾਰ ਕਰ ਕੇ ਆਖਦੇ ਹਨ ਮੁੱਖ ਮੰਤਰੀ ਬਦਲਣ ਵਾਲਾ ਹੈ। ਉਧਰ ਸੁਖਬੀਰ ਬਾਦਲ ਕਈ ਵਾਰ ਵਾਰ ਬਾਂਹ ਪੱਖੋਂ, ਹੁਣ ਲੱਤ ਪੱਖੋਂ ਜ਼ਖ਼ਮੀ ਹੈ। ਉਸ ਬਾਰੇ ਉਹ ਕਦੇ ਨਹੀਂ ਬੋਲਦਾ। ਇਹੀ ਨਹੀਂ ਮੇਰੀ ਲਿਖਣ ਦੀ ਕਲਾ ਨੇ ਇਨ੍ਹਾਂ ਨੂੰ ਹਿਲਾਇਆ ਹੋਇਆ ਹੈ ਤੇ ਵਿਰੋਧੀਆਂ ਕੋਲ ਮੁੱਦਾ ਨਹੀਂ ਹੈ, ਗੜੇ ਤੇ ਧੁੰਦ ਵੀ ਜਦੋਂ ਪੈਣ ’ਤੇ ਵੀ ਮੇਰਾ ਨਾਂ ਲਗਾ ਦਿੰਦੇ ਹਨ। ਪਰ ਮੈਂ ਅਪਣਾ ਕੰਮ ਬਿਨਾਂ ਪ੍ਰਵਾਹ ਕੀਤਿਆਂ ਕਰਦਾ ਰਹਾਂਗਾ।
ਸਵਾਲ : ਪਿਛਲੇ ਚਾਰ ਸਾਲਾਂ ’ਚ ਕੀ ਪ੍ਰਾਪਤੀਆਂ ਹਨ। ਭਵਿੱਖ ਦੀਆਂ ਰਣਨੀਤੀਆਂ ਵੀ ਬਣਾ ਲਈਆਂ ਹੋਣਗੀਆਂ। ਕਿਵੇਂ ਅਗਲੀ ਚੁਣੌਤੀ ਦਾ ਸਾਹਮਣਾ ਕਰੋਗੇ?
ਜਵਾਬ: ਅਸੀਂ ਸੱਤਾ ਵਿਚ ਆਉਣ ਤੋਂ ਬਾਅਦ ਹਰੇਕ ਵਾਅਦਾ ਪੂਰਾ ਕੀਤਾ। ਅਸੀਂ ਉਹ ਕੰਮ ਵੀ ਕੀਤੇ ਹਨ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਕੀਤਾ। ਚਾਰ ਸਾਲਾਂ ਦੌਰਾਨ ਅਸੀਂ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰਵਾਇਆ ਹੈ। ਇਸ ਨਾਲ ਆਮ ਲੋਕਾਂ ਨੂੰ ਨੌਕਰੀਆਂ ਦੇ ਰਾਹ ਖੁਲ੍ਹਣਗੇ। ਅਸੀਂ ਪਿਛਲੇ ਸਾਲਾਂ ਦੌਰਾਨ 65 ਹਜ਼ਾਰ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਚੁੱਕੇ ਹਾਂ। ਸੜਕ ਸੁਰੱਖਿਆ ਫ਼ੋਰਸ ਨਾਲ ਪੰਜਾਬ ਵਿਚੋਂ 50 ਫ਼ੀ ਸਦੀ ਮੌਤਾਂ ਘਟੀਆਂ ਹਨ। 10 ਲੱਖ ਰੁਪਏ ਦਾ ਸਿਹਤ ਬੀਮਾ ਲੋਕਾਂ ਨੂੰ ਦਿਤਾ ਹੈ ਜਿਸ ਵਿਚ ਜਲਦ ਹੀ ਆਯੁਰਵੇਦ ਨੂੰ ਵੀ ਸ਼ਾਮਲ ਕਰਾਂਗੇ। 1400 ਹੈਲਥ ਕਲੀਨਿਕਾਂ ਵਿਚ ਹੁਣ ਤਕ 5 ਕਰੋੜ ਤੋਂ ਜ਼ਿਆਦਾ ਓਪੀਡੀ ਸਹੂਲਤਾਂ ਦੇ ਚੁੱਕੇ ਹਾਂ। ਐਜੂਕੇਸ਼ਨ ਦੀ ਕੌਮੀ ਰਿਪੋਰਟ ਵਿਚ ਪੰਜਾਬ ਕੇਰਲਾ ਨੂੰ ਪਛਾੜ ਕੇ ਪਹਿਲੇ ਸਥਾਨ ’ਤੇ ਰਿਹਾ ਹੈ। ਜੇਈਈ ਤੇ ਨੀਟ ਦੀਆਂ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਾਸ ਹੋ ਰਹੇ ਹਨ। ਲੀਕੇਜ ਬੰਦ ਕਰ ਕੇ ਟੈਕਸ ਚੋਰੀ ਰੋਕੀ ਜਿਸ ਨਾਲ ਪੰਜਾਬ ਦਾ ਵਿਕਾਸ ਹੋਵੇਗਾ। ਸਾਡਾ ਮੁੱਖ ਮਕਸਦ ਹੁਣ ਪਿੰਡਾਂ ਦੀ ਨੁਹਾਰ ਬਦਲਣੀ ਹੈ, ਜਿਸ ਵਿਚ ਛੱਪੜਾਂ, ਬਿਜਲੀ ਦੇ ਖੰਭਿਆਂ ਨੂੰ ਜ਼ਮੀਨਦੋਜ਼ ਕਰਨਾ ਵਰਗੇ ਮੁੱਦੇ ਸਾਡੇ ਕੋਲ ਪਏ ਹਨ। ਇਹੀ ਨਹੀਂ ਮੇਰਾ ਸੁਪਨਾ ਹੈ ਕਿ ਸਾਡੀਆਂ ਮਾਵਾਂ-ਭੈਣਾਂ ਚੀਨ ਵਾਂਗ ਦਿਨ ਦਾ 5 ਹਜ਼ਾਰ ਰੁਪਏ ਕਿਵੇਂ ਕਮਾਉਣ ਅਜਿਹੇ ਕਾਰਜ ਅਸੀਂ ਕਰਨ ਵੱਲ ਵਿਚਾਰ ਕਰ ਰਹੇ ਹਾਂ।
