ਗਰੁੱਪ ਕਮਾਂਡਰ ਨੇ 1 ਚੰਡੀਗੜ੍ਹ ਗਰਲਜ਼ ਬਟਾਲੀਅਨ ਐੱਨ.ਸੀ.ਸੀ. ਦੇ ਸਲਾਨਾ ਸਿਖਲਾਈ ਕੈਂਪ ਦਾ ਕੀਤਾ ਦੌਰਾ
ਚੰਡੀਗੜ੍ਹ : ਬ੍ਰਿਗੇਡੀਅਰ ਆਸ਼ੀਸ਼ ਮੈਣੀ, ਗਰੁੱਪ ਕਮਾਂਡਰ ਐੱਨ.ਸੀ.ਸੀ. ਗਰੁੱਪ ਚੰਡੀਗੜ੍ਹ ਨੇ ਜਵਾਹਰ ਨਵੋਦਿਆ ਵਿਦਿਆਲਿਆ, ਸੈਕਟਰ 25 ਚੰਡੀਗੜ੍ਹ ਵਿਖੇ ਚੱਲ ਰਹੇ, ਚੰਡੀਗੜ੍ਹ ਗਰਲਜ਼ ਬਟਾਲੀਅਨ ਐੱਨ.ਸੀ.ਸੀ. ਦੇ ਸਲਾਨਾ ਸਿਖਲਾਈ ਕੈਂਪ ਦਾ ਦੌਰਾ ਕੀਤਾ । ਉਨ੍ਹਾਂ ਦੇ ਪਹੁੰਚਣ 'ਤੇ ਐੱਨ.ਸੀ.ਸੀ. ਕੈਡਿਟਾਂ ਵੱਲੋਂ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ । ਇਸ ਤੋਂ ਬਾਅਦ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਐੱਮ.ਐੱਮ.ਐੱਸ. ਮੀਲੂ ਨੇ ਉਨ੍ਹਾਂ ਨੂੰ ਸਿਖਲਾਈ ਅਤੇ ਪ੍ਰਸ਼ਾਸਨਿਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ । ਇਸ ਉਪਰੰਤ ਬ੍ਰਿਗੇਡੀਅਰ ਮੈਣੀ ਨੇ ਸਿਖਲਾਈ ਗਤੀਵਿਧੀਆਂ ਜਿਵੇਂ ਕਿ ਹਥਿਆਰਾਂ ਦੀ ਸਿਖਲਾਈ, ਮੈਡੀਕਲ ਸਿਖਲਾਈ ਅਤੇ ਸਾਵਿਤਰੀ ਫਾਊਂਡੇਸ਼ਨ ਦੀ ਕੌਂਸਲਰ ਡਾਕਟਰ ਕਾਮੀ ਵੱਲੋਂ 'ਤਣਾਅ, ਚਿੰਤਾ ਅਤੇ ਬਹੁਤਾ ਸੋਚਣ (ਓਵਰਥਿੰਕਿੰਗ) ਦੇ ਪ੍ਰਬੰਧਨ' ਵਿਸ਼ੇ 'ਤੇ ਦਿੱਤੇ ਗਏ ਵਿਸ਼ੇਸ਼ ਲੈਕਚਰ ਨੂੰ ਦੇਖਿਆ। ਸਿਖਲਾਈ ਦੌਰਾਨ ਉਨ੍ਹਾਂ ਨੇ ਸੀਨੀਅਰ ਅਤੇ ਜੂਨੀਅਰ ਵਿੰਗ ਦੇ ਕੈਡਿਟਾਂ ਨਾਲ ਗੱਲਬਾਤ ਕੀਤੀ ਤਾਂ ਜੋ ਸਿਖਲਾਈ ਅਤੇ ਪ੍ਰਸ਼ਾਸਨ ਦੇ ਸਬੰਧ ਵਿੱਚ ਉਨ੍ਹਾਂ ਦੀ ਫੀਡਬੈਕ (ਪ੍ਰਤੀਕਿਰਿਆ) ਅਤੇ ਸੁਝਾਅ ਲਏ ਜਾ ਸਕਣ।
ਬ੍ਰਿਗੇਡੀਅਰ ਮੈਣੀ ਨੂੰ ਕੈਂਪ ਦਾ ਰਿਹਾਇਸ਼ੀ ਖੇਤਰ, ਮੈਡੀਕਲ ਜਾਂਚ ਰੂਮ ਅਤੇ ਆਊਟਡੋਰ (ਬਾਹਰੀ) ਸਿਖਲਾਈ ਖੇਤਰ ਵੀ ਦਿਖਾਏ ਗਏ। ਇਸ ਤੋਂ ਬਾਅਦ ਚਾਹ ਦੌਰਾਨ ਕੈਡਿਟਾਂ ਨਾਲ ਹੋਈ ਮੁਲਾਕਾਤ ਵਿੱਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐੱਨ.ਸੀ.ਸੀ. ਕੈਡਿਟਾਂ ਨੂੰ ਸਨਮਾਨਿਤ ਕੀਤਾ। ਕੈਡਿਟਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕੈਂਪ ਦੌਰਾਨ ਉਨ੍ਹਾਂ ਵੱਲੋਂ ਹਾਸਲ ਕੀਤੇ ਉੱਚ ਸਿਖਲਾਈ ਦੇ ਮਿਆਰਾਂ 'ਤੇ ਖ਼ੁਸ਼ੀ ਪ੍ਰਗਟਾਈ ਅਤੇ ਉਨ੍ਹਾਂ ਨੂੰ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੈਡਿਟਾਂ ਨੂੰ ਰਾਸ਼ਟਰੀ ਪੱਧਰ ਦੇ ਐੱਨ.ਸੀ.ਸੀ. ਕੈਂਪਾਂ ਲਈ ਚੁਣੇ ਜਾਣ ਲਈ ਵੀ ਉਤਸ਼ਾਹਿਤ ਕੀਤਾ।
ਉਨ੍ਹਾਂ ਕੈਂਪ ਦੌਰਾਨ ਹਾਸਲ ਕੀਤੇ ਸਮੁੱਚੇ ਸਿਖਲਾਈ ਅਤੇ ਪ੍ਰਸ਼ਾਸਨਿਕ ਮਿਆਰਾਂ 'ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕੈਂਪ ਦੇ ਪ੍ਰਬੰਧਕਾਂ ਨੂੰ ਗਰਮ ਮੌਸਮ ਦੇ ਮੱਦੇਨਜ਼ਰ ਇਹਤਿਆਤੀ ਕਦਮ ਚੁੱਕਣ ਦੀ ਸਲਾਹ ਦਿੱਤੀ। ਇਸ ਕੈਂਪ ਦੌਰਾਨ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਕਈ ਵਿਸ਼ੇਸ਼ ਲੈਕਚਰ ਦਿੱਤੇ ਗਏ ਹਨ ਅਤੇ ਨਾਲ ਹੀ ਪੱਛਮੀ ਕਮਾਂਡ ਵਾਰ ਮੈਮੋਰੀਅਲ ਅਤੇ ਮਿਊਜ਼ੀਅਮ, ਚੰਡੀਮੰਦਿਰ ਦੇ ਦੌਰੇ ਵੀ ਕਰਵਾਏ ਗਏ ਹਨ। ਇਹ ਦਸ ਦਿਨਾਂ ਕੈਂਪ 19 ਜੂਨ ਨੂੰ ਸਮਾਪਤ ਹੋਵੇਗਾ।
