ਹਾਈਵੇ ਚੌੜੇ ਕਰਨ ਲਈ ਜਿੰਨੇ ਰੁੱਖ ਵੱਢੇ ਗਏ, ਓਨੇ ਕਦੇ ਮੁੜ ਲੱਗੇ ਹੀ ਨਹੀਂ।
ਚੰਡੀਗੜ੍ਹ (ਕਮਲ ਦੁਸਾਂਝ) : ਜਦੋਂ ਪਹਿਲੀ ਵਾਰ ਘਰ ਦੇ ਵਿਹੜੇ ਵਿਚ ਲੱਗੇ ਪਿੱਪਲ ਉਤੇ ਕੁਹਾੜਾ ਚਲਿਆ ਸੀ ਤਾਂ ਘਰ ਦੇ ‘ਸਿਆਣੇ ਬੋਹੜ’ ਨੇ ਦੁਹਾਈ ਪਾਈ ਸੀ ਪਰ ਹੱਥ ਕੁਹਾੜੀ ਚੁੱਕੀ ਬੰਦਾ ਤਾਂ ਤਰੱਕੀ ਦੀਆਂ ਪੀਂਘਾਂ ਝੂਟ ਰਿਹਾ ਸੀ। ਉਚੇ ਅੰਬਰਾਂ ਵਿਚ ਉਡਦੇ ਬੰਦੇ ਨੂੰ ਧਰਤੀ ਦਾ ਰੁਦਨ ਸੁਣਾਈ ਹੀ ਨਹੀਂ ਦਿਤਾ। ਇਕ ਇਕ ਕਰ ਕੇ ਰੁੱਖਾਂ ਨੂੰ ਹੀ ਨਹੀਂ ਵਿਦਾ ਕੀਤਾ ਜਾ ਰਿਹਾ ਸੀ, ਸਗੋਂ ਉਨ੍ਹਾਂ ਦੀਆਂ ਸੰਘਣੀਆਂ ਛਾਵਾਂ, ਪੰਛੀਆਂ ਦੇ ਆਲ੍ਹਣੇ ਤੇ ਕਿੰਨਾ ਕੁਝ ਬੰਦੇ ਦੀ ਹੋਂਦ ਵਿਚੋਂ ਮਨਫ਼ੀ ਹੋ ਰਿਹਾ ਸੀ। ਆਲਮ ਇਹ ਹੈ ਕਿ ਪਿੱਪਲ-ਬੋਹੜ ਰਹੇ ਨਹੀਂ.. ਧਰਤੀ ਲੋਹਾ-ਲਾਖਾ ਹੋ ਰਹੀ ਹੈ ਤੇ ਮੁੱਲ ਖ਼ਰੀਦੀਆਂ ਸੁੱਖ ਸਹੂਲਤਾਂ ਦਮ ਘੋਟ ਰਹੀਆਂ ਹਨ। ਬੰਦਾ ਕਹਿੰਦਾ ਰਿਹਾ ਕਿ ਉਹ ਤਰੱਕੀ ਦੀ ਪੌੜੀ ਚੜ੍ਹ ਰਿਹਾ ਹੈ, ਪਰ ਅਸਲ ਵਿਚ ਉਸੇ ਟਾਹਣੀ ਨੂੰ ਵੱਢ ਰਿਹਾ ਸੀ, ਜਿਸ ’ਤੇ ਆਪ ਬੈਠਾ ਸੀ।
ਅੱਜ ਪੂਰੀ ਧਰਤੀ ਬੰਦੇ ਦੀ ਲਾਲਸਾ ਨਾਲ ਸੜ ਮੱਚ ਰਹੀ ਹੈ। ਰੁੱਖਾਂ ਦੇ ਕਤਲ ਦਾ ਸਿਲਸਿਲਾ ਅੱਜ ਇਥੋਂ ਤੱਕ ਆ ਪੁੱਜਾ ਹੈ ਕਿ ਧਰਤੀ ਦਾ ਸੀਨਾ ਭੱਠੀ ਵਾਂਗ ਤਪ ਰਿਹਾ ਹੈ। ਕਦੇ ਪਿੰਡਾਂ ਦੀਆਂ ਪਛਾਣਾਂ ਰੁੱਖਾਂ ਨਾਲ ਹੁੰਦੀਆਂ ਸਨ। ‘ਉਹ ਪਿੱਪਲ ਵਾਲੀ ਗਲੀ’, ‘ਉਹ ਨਿੰਮ ਵਾਲਾ ਖੂਹ’, ‘ਉਹ ਬੋਹੜ ਹੇਠਲੀ ਸੱਥ’”... ਇਹ ਸਿਰਫ਼ ਥਾਵਾਂ ਹੀ ਨਹੀਂ, ਲੋਕਾਂ ਦੀਆਂ ਅਣਮੁੱਕ ਕਹਾਣੀਆਂ ਸਨ। ਦੁਖ-ਸੁਖ ਫਰੋਲਣ ਦੀਆਂ ਥਾਵਾਂ ਸਨ। ਟਾਹਣੀਆਂ ’ਤੇ ਉਮੀਦਾਂ ਦੀਆਂ ਪੀਘਾਂ ਪੈਂਦੀਆਂ, ਤ੍ਰਿੰਝਣਾਂ ਵਿਚ ਗੀਤਾਂ ਦੀ ਲੋਰ ਗੂੰਜਦੀ, ਪੰਛੀਆਂ ਦਾ ਰਾਗ ਛਿੜਦਾ ਤੇ ਰਾਹੀ ਦੁਪਹਿਰ ਦੀਆਂ ਤਿੱਖੀਆਂ ਧੁੱਪਾਂ ਵਿਚ ਛਾਵਾਂ ਮਾਣਦੇ। ਰੁੱਖ ਸਿਰਫ਼ ਰੁੱਖ ਨਹੀਂ ਸਨ, ਧਰਤੀ ਦੇ ਸਾਹ ਹੁੰਦੇ ਸਨ। ਫਿਰ ਸੜਕਾਂ ਚੌੜੀਆਂ ਹੋਣ ਲੱਗੀਆਂ, ਇਮਾਰਤਾਂ ਉਚੀਆਂ ਹੋਣ ਲੱਗੀਆਂ ਤੇ ਬੰਦੇ ਦੀਆਂ ਖਵਾਹਿਸ਼ਾਂ ਆਸਮਾਨ ਛੂਹਣ ਲੱਗੀਆਂ। ਵਿਕਾਸ ਦੇ ਨਾਮ ’ਤੇ ਹਜ਼ਾਰਾਂ ਰੁੱਖ ਵੱਢੇ ਗਏ। ਜੰਗਲਾਂ ਦੀ ਥਾਂ ਕੰਕਰੀਟ ਨੇ ਲੈ ਲਈ।
ਅਫ਼ਸਰਾਂ ਦੇ ਕਾਗਜ਼ਾਂ ਵਿਚ ਨਵੇਂ ਪੌਦੇ ਲਗਣ ਦੇ ਦਾਅਵੇ ਹੁੰਦੇ ਰਹੇ ਪਰ ਹਕੀਕਤ ਵਿਚ ਧਰਤੀ ਹਰ ਸਾਲ ਹੋਰ-ਹੋਰ ਖੋਖਲੀ ਹੁੰਦੀ ਗਈ। ਦਰਅਸਲ; ਧਰਤੀ ਨਹੀਂ, ਬੰਦੇ ਦੀ ਸੋਚ ਬੰਜਰ ਹੁੰਦੀ ਗਈ। ਹੁਣ ਹਾਲਾਤ ਇਹ ਹਨ ਕਿ ਗਰਮੀ ਹਰ ਸਾਲ ਨਵਾਂ ਰਿਕਾਰਡ ਤੋੜ ਰਹੀ ਹੈ। ਮੀਂਹ ਦਾ ਸਮਾਂ ਬਦਲ ਗਿਆ ਹੈ, ਹਵਾ ਵਿਚ ਤਪਸ਼ ਘੁਲ ਗਈ ਹੈ ਤੇ ਪੰਛੀਆਂ ਦਾ ਚੀਖ਼-ਚਿਹਾੜਾ ਮੁੱਕ ਗਿਆ ਹੈ। ਕੋਇਲਾਂ ਦੇ ਮਿੱਠੇ ਸੰਗੀਤ ਦੀ ਥਾਂ ਮਸ਼ੀਨਾਂ ਦਾ ਕੰਨ-ਪਾੜਵਾਂ ਸ਼ੋਰ ਹੈ। ਸ਼ਹਿਰ ਦੀ ਹਵਾ ਜ਼ਹਿਰ ਬਣ ਗਈ ਹੈ। ਅੱਜ ਬੰਦਾ ਏਸੀ ਵਾਲੇ ਕਮਰਿਆਂ ਵਿਚ ਬੈਠ ਕੇ ਵੀ ਘੁਟਣ ਮਹਿਸੂਸ ਕਰਦਾ ਹੈ। ਜਦੋਂ ਕੁਦਰਤ ਦੀਆਂ ਚਿਤਾਵਨੀਆਂ ਨਹੀਂ ਸੁਣੀਆਂ ਗਈਆਂ ਤਾਂ ਉਹ ਵੀ ਰੁੱਸ ਗਈ ਹੈ। ਕੁਦਰਤ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਬੰਦੇ ਨੂੰ ਕਰਨੀਆਂ ਹੀ ਪੈਣਗੀਆਂ ਨਹੀਂ ਤਾਂ ਸਾਹ ਵੀ ਮੁੱਲ ਨਹੀਂ ਮਿਲਣੇ।”
ਲਗਾਤਾਰ ਘੱਟ ਰਿਹਾ ਜੰਗਲ ਹੇਠਲਾ ਰਕਬਾ
ਪੰਜਾਬ ਜੰਗਲ ਹੇਠ ਰਕਬਾ 2001 ਵਿਚ 4.80 ਫ਼ੀਸਦ ਸੀ, ਜੋ 2023 ਤੱਕ ਘਟ ਕੇ 3.67 ਫ਼ੀਸਦ ਰਹਿ ਗਿਆ। ਪਿਛਲੇ 22 ਵਰਿ੍ਹਆਂ ਦੌਰਾਨ ਪੰਜਾਬ ਨੇ ਅਪਣੇ ਕੁੱਲ ਭੂਗੋਲਿਕ ਖੇਤਰ ਦਾ ਲਗਭਗ 1.13 ਫ਼ੀਸਦ ਜੰਗਲ ਗੁਆ ਲਿਆ ਹੈ। ਹਾਈਵੇ ਚੌੜੇ ਕਰਨ ਲਈ ਜਿੰਨੇ ਰੁੱਖ ਵੱਢੇ ਗਏ, ਓਨੇ ਕਦੇ ਮੁੜ ਲੱਗੇ ਹੀ ਨਹੀਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਘੱਟ ਜੰਗਲਾਤ ਦੇ ਮੱਦੇਨਜ਼ਰ ਰੁੱਖਾਂ ਦੀ ਕਟਾਈ ’ਤੇ ਸਖ਼ਤ ਰੋਕ ਦੇ ਆਦੇਸ਼ ਦਿਤੇ ਸਨ। ਸਰਕਾਰ ਵਲੋਂ 2025-26 ਵਿਚ 2100 ਹੈਕਟੇਅਰ ਖੇਤਰ ਵਿਚ ਨਵੀਂਨੀਕਰਨ ਯੋਜਨਾ ਚਲਾਉਣ ਦਾ ਐਲਾਨ ਕੀਤਾ ਗਿਆ। 2025 ਵਿਚ 12.55 ਲੱਖ ਤੋਂ ਵੱਧ ਪੌਦੇ ਲਗਾਉਣ ਦਾ ਦਾਅਵਾ ਕੀਤਾ ਗਿਆ। ਪਰ ਦਾਅਵਿਆਂ-ਵਾਅਦਿਆਂ ਦੇ ਬਾਵਜੂਦ ਰੁੱਖਾਂ ਦੀ ਕਟਾਈ ਲਗਾਤਾਰ ਵੱਧ ਰਹੀ ਹੈ।
