ਵਿਆਹੁਤਾ ਮਹਿਲਾ ਨਾਲ ਇੱਕਤਰਫ਼ਾ ਕਰਦਾ ਸੀ ਪਿਆਰ,
ਫ਼ਰੀਦਾਬਾਦ: ਫ਼ਰੀਦਾਬਾਦ ਦੇ ਸਿਕਰੌਨਾ ਇਲਾਕੇ ’ਚ ਸਥਿਤ ਇਕ ਸਕੂਲ ’ਚ ਵੜ ਕੇ ਇਕ ਮਹਿਲਾ ਅਧਿਆਪਕ ਦਾ ਛੁਰਾ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ 'ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਸ਼ੀ ਸਿਰਫਿਰੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਹਰਕਤ ਵਿੱਚ ਆਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਸ਼ੀ ਨੂੰ ਮਹਿਜ਼ ਕੁਝ ਘੰਟਿਆਂ ਵਿੱਚ ਹੀ ਧਰ ਦਬੋਚਿਆ। ਫਿਲਹਾਲ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਕ੍ਰਾਈਮ ਬ੍ਰਾਂਚ ਦੀ ਗ੍ਰਿਫ਼ਤ ਵਿੱਚ ਦਿਖਾਈ ਦੇ ਰਿਹਾ ਇਹ ਉਹੀ ਸਿਰਫਿਰਾ ਆਸ਼ਿਕ ਹੈ, ਜਿਸ ਨੇ ਇੱਕਤਰਫ਼ਾ ਪਿਆਰ ਵਿੱਚ ਪਾਗਲ ਹੋ ਕੇ ਆਪਣੀ ਉਮਰ ਤੋਂ ਵੱਡੀ ਮਹਿਲਾ ਅਧਿਆਪਕ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਮਨ ਯਾਦਵ (ਸਹਾਇਕ ਪੁਲਿਸ ਕਮਿਸ਼ਨਰ, ਕ੍ਰਾਈਮ) ਨੇ ਦੱਸਿਆ ਕਿ 3 ਅਗਸਤ ਨੂੰ ਸਵੇਰ ਦੇ ਸਮੇਂ ਪਿੰਡ ਸਿਕਰੌਨਾ ਸਥਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਮਹਿਲਾ ਨੂੰ ਛੁਰਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮ੍ਰਿਤਕਾ ਦੇ ਪਤੀ ਵਿਕਾਸ ਦੀ ਸ਼ਿਕਾਇਤ 'ਤੇ ਥਾਣਾ ਸੈਕਟਰ 58 ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਫ਼ਰੀਦਾਬਾਦ ਪੁਲਿਸ ਦੀਆਂ ਅਪਰਾਧ ਸ਼ਾਖਾਵਾਂ ਨੇ ਆਪਣੇ ਸਰੋਤ ਐਕਟਿਵ ਕੀਤੇ। ਏ.ਵੀ.ਟੀ.ਐੱਸ. ਸਿਕਰੌਨਾ ਦੀ ਟੀਮ ਨੇ ਤਕਨੀਕੀ ਸਹਾਇਤਾ ਅਤੇ ਸਰੋਤਾਂ ਦੀ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਮਾਮਲੇ 'ਚ ਸਫਲਤਾ ਹਾਸਲ ਕੀਤੀ ਅਤੇ ਸੂਚਨਾ ਦੇ 2 ਘੰਟਿਆਂ ਦੇ ਅੰਦਰ ਹੀ ਪਿੰਡ ਕੋਟ (ਫ਼ਰੀਦਾਬਾਦ) ਦੇ ਰਹਿਣ ਵਾਲੇ ਅਮਿਤ (21) ਨੂੰ ਕਾਬੂ ਕਰ ਲਿਆ। ਉਹ ਦੁੱਧ ਵੇਚਣ ਦਾ ਕੰਮ ਕਰਦਾ ਹੈ।
ਪ੍ਰਾਰੰਭਿਕ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਕਰੀਬ 2 ਸਾਲ ਪਹਿਲਾਂ ਮ੍ਰਿਤਕਾ ਉਸ ਦੇ ਪਿੰਡ ਦੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੀ ਸੀ। ਇਸ ਦੌਰਾਨ ਹੀ ਉਸ ਦੀ ਮਹਿਲਾ ਨਾਲ ਜਾਣ-ਪਛਾਣ ਹੋਈ ਸੀ ਅਤੇ ਉਨ੍ਹਾਂ ਦੀ ਆਪਸ 'ਚ ਗੱਲਬਾਤ ਹੁੰਦੀ ਸੀ। ਮਹਿਲਾ ਉਸ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਸੀ, ਪਰ ਉਹ ਵਾਰ-ਵਾਰ ਮਹਿਲਾ ਦਾ ਪਿੱਛਾ ਕਰਦਾ ਸੀ। ਮਹਿਲਾ ਨੇ ਉਸ ਨੂੰ ਕਿਹਾ ਸੀ ਕਿ ਉਹ ਕੇਸ ਕਰ ਦੇਵੇਗੀ ਅਤੇ ਮ੍ਰਿਤਕਾ ਨੇ ਦੋਸ਼ੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਜਿਸ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
3 ਅਗਸਤ ਨੂੰ ਸਵੇਰ ਦੇ ਸਮੇਂ ਉਹ ਮੋਟਰਸਾਈਕਲ 'ਤੇ ਸਿਕਰੌਨਾ ਪਿੰਡ ਸਥਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਗਿਆ ਅਤੇ ਸਕੂਲ ਦੇ ਅੰਦਰ ਉਸ ਨੇ ਮਹਿਲਾ 'ਤੇ ਛੁਰੇ ਨਾਲ ਤਾਬੜਤੋੜ ਹਮਲਾ ਕੀਤਾ ਅਤੇ ਕਤਲ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਦੋਸ਼ੀ ਨੂੰ ਮੰਗਲਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਘਟਨਾਕ੍ਰਮ 'ਚ ਅਗਲੀ ਕਾਰਵਾਈ ਕੀਤੀ ਜਾਵੇਗੀ।
