ਘਰੇਲੂ ਮਸਲਾ ਦੱਸਿਆ ਅਸਤੀਫ਼ੇ ਦਾ ਕਾਰਨ
ਚੰਡੀਗੜ੍ਹ : ਕੁਰੂਕਸ਼ੇਤਰ ਵਿੱਚ ਨਰਸਾਂ ਖ਼ਿਲਾਫ਼ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਦੀ ਮੰਗ ਦੇ ਚਲਦਿਆਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਨੂ ਭਾਟੀਆ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਰਿਆਣਾ ਦੀਆਂ ਸਰਕਾਰੀ ਨਰਸਾਂ ਫਟਕਾਰ ਲਗਾਉਣ ਲਈ ਭਾਟੀਆ ਵੱਲੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ।
ਭਾਟੀਆ ਨੇ ਸਿਵਲ ਹਸਪਤਾਲ ਦੇ ਇੱਕ 62 ਸਾਲਾ ਡਾਕਟਰ ਨੂੰ 15 ਸਾਲਾ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੁਰੂਕਸ਼ੇਤਰ ਦਾ ਦੌਰਾ ਕੀਤਾ ਸੀ। ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਕਥਿਤ ਲਾਪਰਵਾਹੀ ਲਈ ਹਸਪਤਾਲ ਦੀਆਂ ਨਰਸਾਂ ਅਤੇ ਅਧਿਕਾਰੀਆਂ ਨੂੰ ਫਿਟਕਾਰ ਲਗਾਈ ਸੀ। ਮੰਗਲਵਾਰ ਨੂੰ ਭਾਟੀਆ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਆਪਣੀ ਚਿੱਠੀ ਵਿੱਚ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਕਮਿਸ਼ਨ ਦੀ ਮੁਖੀ ਰਹੀ ਭਾਟੀਆ ਨੇ ਕਿਹਾ ਕਿ ਉਹ ਔਰਤਾਂ ਦੇ ਅਧਿਕਾਰਾਂ ਲਈ ਲੜਦੀ ਰਹੇਗੀ। ਉਨ੍ਹਾਂ ਨੇ ਹਿੰਦੀ ਵਿੱਚ ਲਿਖੇ ਆਪਣੇ ਪੱਤਰ ਵਿੱਚ ਕਿਹਾ, "ਮੈਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹਾਂ। ਇਸ ਲਈ ਕਿਰਪਾ ਕਰਕੇ ਮੇਰਾ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ।" ਸੰਪਰਕ ਕਰਨ 'ਤੇ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰਕ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਨੂੰ ਨਰਸਾਂ ਦੀ ਮੰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਉਨ੍ਹਾਂ ਕਿਹਾ, "ਮੈਂ 20 ਦਿਨਾਂ ਲਈ ਜਾਪਾਨ ਜਾ ਰਹੀ ਹਾਂ ਅਤੇ ਫਿਰ ਅਮਰੀਕਾ ਵਿੱਚ ਆਪਣੀ ਬੇਟੀ ਨੂੰ ਮਿਲਣ ਜਾਵਾਂਗੀ। ਮੈਂ ਤਿੰਨ ਮਹੀਨਿਆਂ ਲਈ ਬਾਹਰ ਰਹਾਂਗੀ। ਕਿਉਂਕਿ ਆਮ ਤੌਰ 'ਤੇ 10-15 ਦਿਨਾਂ ਦੀ ਛੁੱਟੀ ਮਿਲਦੀ ਹੈ ਅਤੇ ਮੈਂ ਇਸ ਤੋਂ ਵੱਧ ਸਮੇਂ ਲਈ ਬਾਹਰ ਰਹਾਂਗੀ, ਇਸ ਲਈ ਮੈਂ ਕਿਹਾ, 'ਮੇਰਾ ਅਸਤੀਫ਼ਾ ਸਵੀਕਾਰ ਕਰ ਲਓ'।" ਭਾਟੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗੇਗੀ। ਉਨ੍ਹਾਂ ਕਿਹਾ, "ਮੈਂ ਕੁਝ ਵੀ ਗਲਤ ਨਹੀਂ ਕਿਹਾ। "ਸੋਮਵਾਰ ਨੂੰ ਕੁਰੂਕਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ (LNJP) ਸਿਵਲ ਹਸਪਤਾਲ ਦੇ ਨਰਸਿੰਗ ਸਟਾਫ਼ ਨੇ ਭਾਟੀਆ ਦੇ ਵਿਰੋਧ ਵਿੱਚ ਦੋ ਘੰਟੇ ਦੀ ਹੜਤਾਲ ਕੀਤੀ।
ਇੱਕ ਪ੍ਰਦਰਸ਼ਨਕਾਰੀ ਨਰਸ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਉਹ ਬਹੁਤ ਮੰਦਭਾਗਾ ਸੀ, ਪਰ ਭਾਟੀਆ ਨੇ ਲਾਪਰਵਾਹੀ ਲਈ ਨਰਸਿੰਗ ਸਟਾਫ਼ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕੁਝ ਨਰਸਿੰਗ ਸਟਾਫ਼ 'ਤੇ ਇਸ ਮਾਮਲੇ ਵਿੱਚ ਮਿਲੀਭਗਤ ਦੇ ਦੋਸ਼ ਵੀ ਲਗਾਏ।" ਕੁਰੂਕਸ਼ੇਤਰ ਪੁਲਿਸ ਮੁਤਾਬਕ 31 ਮਈ ਨੂੰ ਇੱਕ ਸਥਾਨਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 29 ਮਈ ਨੂੰ ਉਹ ਅਤੇ ਉਸਦੀ ਬੇਟੀ ਐਲ.ਐਨ.ਜੇ.ਪੀ. (LNJP) ਹਸਪਤਾਲ ਗਏ ਸਨ, ਜਿੱਥੇ ਉਸਦੀ ਬੇਟੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮ ਡਾਕਟਰ ਨੇ ਪਿਤਾ ਅਤੇ ਧੀ ਦੋਵਾਂ ਨੂੰ ਵੱਖ-ਵੱਖ ਵਾਰਡਾਂ ਵਿੱਚ ਦਾਖ਼ਲ ਕਰਵਾ ਦਿੱਤਾ ਸੀ। ਜਦੋਂ ਪਿਤਾ 31 ਮਈ ਨੂੰ ਆਪਣੀ ਧੀ ਦੇ ਵਾਰਡ ਵਿੱਚ ਪਹੁੰਚਿਆ ਤਾਂ ਧੀ ਨੇ ਉਸ ਨੂੰ ਦੱਸਿਆ ਕਿ ਡਾਕਟਰ ਨੇ 29 ਮਈ ਨੂੰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
