ਗੁਰੂਗ੍ਰਾਮ ਤੋਂ ਵਿਆਹ ਸਮਾਗਮ 'ਚ ਆਏ ਮਹਿਮਾਨਾਂ ਵੱਲੋਂ ਕੀਤੀ ਗਈ ਕੁੱਟਮਾਰ : ਪੁਲਿਸ
ਫਰੀਦਾਬਾਦ : ਫਰੀਦਾਬਾਦ ਵਿੱਚ ਇੱਕ ਸ਼ਰਾਬ ਦੇ ਅਹਾਤੇ 'ਤੇ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੂੰ ਕਥਿਤ ਤੌਰ ’ਤੇ ਬਰਾਤ ਵਿਚ ਸ਼ਾਮਲ ਲੋਕਾਂ ਕੁੱਟ-ਕੁੱਟ ਕੇ ਮਾਰ ਦਿੱਤਾ, ਕਿਉਂਕਿ ਉਸ ਨੇ ਉਨ੍ਹਾਂ ਨੂੰ ਸ਼ਰਾਬ ਪਰੋਸਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਵੱਲੋਂ ਇਸ ਸਬੰਧੀ ਅੱਜ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੱਲਭਗੜ੍ਹ ਦੇ ਸੈਕਟਰ-3 ਖੇਤਰ ਵਿੱਚ ਇੱਕ ਕਮਿਊਨਿਟੀ ਸੈਂਟਰ ਦੇ ਨੇੜੇ ਰਾਤ ਲਗਭਗ 12:30 ਵਜੇ ਵਾਪਰੀ। ਪੁਲਿਸ ਨੇ ਮ੍ਰਿਤਕ ਦੀ ਪਛਾਣ ਆਦੇਸ਼ (30) ਵਜੋਂ ਕੀਤੀ ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਪੁਲਿਸ ਦੇ ਅਨੁਸਾਰ ਗੁਰੂਗ੍ਰਾਮ ਤੋਂ ਆਏ ਕੁਝ ਵਿਆਹ ਵਾਲੇ ਮਹਿਮਾਨ ਐਚ.ਐਸ.ਵੀ.ਪੀ. ਮਾਰਕੀਟ ’ਚ ਸ਼ਰਾਬ ਦੀ ਦੁਕਾਨ ਦੇ ਨੇੜੇ ਸਥਿਤ ਸ਼ਰਾਬ ਅਹਾਤੇ ਮਧੂਸ਼ਾਲਾ 'ਤੇ ਪਹੁੰਚੇ ਸਨ। ਪੁਲਿਸ ਅਨੁਸਾਰ ਜਦੋਂ ਆਦੇਸ਼ ਨੇ ਉਨ੍ਹਾਂ ਨੂੰ ਪਰੋਸਣ ਤੋਂ ਇਨਕਾਰ ਕਰ ਦਿੱਤਾ, ਤਾਂ ਮਹਿਮਾਨ ਗੁੱਸੇ ਵਿੱਚ ਆ ਗਏ ਅਤੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਕਥਿਤ ਤੌਰ 'ਤੇ 30 ਸਾਲਾ ਆਦੇਸ਼ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪੁਲਿਸ ਨੂੰ ਫ਼ੋਨ ਕੀਤਾ ਗਿਆ ਅਤੇ ਮ੍ਰਿਤਕਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਪੁਲਿਸ ਟੀਮ ਹਮਲਾਵਰਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਜੁਟੀ ਹੋਈ ਹੈ। ਆਸਪਾਸ ਦੇ ਸੀ.ਸੀ.ਟੀ.ਵੀ. ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਸਕੇ।
ਫਰੀਦਾਬਾਦ ਦੇ ਸੈਕਟਰ-8 ਪੁਲਿਸ ਸਟੇਸ਼ਨ ਦੇ ਇੰਚਾਰਜ (ਐਸਐਚਓ) ਇੰਸਪੈਕਟਰ ਰਣਬੀਰ ਸਿੰਘ ਨੇ ਕਿਹਾ, "ਅਣਪਛਾਤੇ ਮੁਲਜ਼ਮਾਂ ਵਿਰੁੱਧ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਜਾਂਚ ਜਾਰੀ ਹੈ, ਅਤੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"
