ਪਿੰਡ ਵਾਸੀਆਂ ਨੇ ਡੰਡਿਆਂ ਨਾਲ ਕੀਤਾ ਹਮਲਾ ਅਤੇ ਮੁਲਜ਼ਮ ਰਜਿੰਦਰ ਕੁਮਾਰ ਬੰਗਾਲੀ ਨੂੰ ਛੁਡਾ ਕੇ ਲੈ ਗਏ
ਯਮੁਨਾਨਗਰ: ਯਮੁਨਾਨਗਰ ਦੀ ਡੇਹਾ ਬਸਤੀ ਵਿੱਚ ਮੰਗਲਵਾਰ ਸ਼ਾਮ ਨੂੰ NDPS ਐਕਟ ਦੇ ਇੱਕ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਨੂੰ ਫੜਨ ਪਹੁੰਚੀ ਕਰਨਾਲ ਦੀ ਅਸੰਧ CIA ਟੀਮ 'ਤੇ ਸੈਂਕੜੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਾ ਕੇ ਲੈ ਗਏ। ਪੁਲਿਸ ਅਨੁਸਾਰ ਮੁਲਜ਼ਮ ਰਾਜਿੰਦਰ ਕੁਮਾਰ ਬੰਗਾਲੀ ਨੂੰ ਫੜ ਕੇ ਗੱਡੀ ਵਿੱਚ ਬਿਠਾਇਆ ਗਿਆ ਸੀ, ਉਦੋਂ ਹੀ ਔਰਤਾਂ ਅਤੇ ਮਰਦਾਂ ਦੀ ਭੀੜ ਨੇ ਡੰਡਿਆਂ ਅਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਦੋਂ ਕਿ ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ।
ਸੂਚਨਾ ਮਿਲਣ 'ਤੇ ਥਾਣਾ ਮੁਖੀ ਰਾਜੇਸ਼ ਰਾਣਾ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ, ਪਰ ਉਦੋਂ ਤੱਕ ਕਈ ਲੋਕ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਕਰਵਾਇਆ ਗਿਆ। ਸੀਆਈਏ ਇੰਚਾਰਜ ਐੱਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਰਾਜਿੰਦਰ ਖ਼ਿਲਾਫ਼ 30 ਅਪ੍ਰੈਲ ਨੂੰ NDPS ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਉਹ ਲੋੜੀਂਦਾ ਚੱਲ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।
