ਸਿਮਰਨਜੀਤ ਸਿੰਘ ਦਾ ਵੀਡੀਓ ਕਾਲ 'ਤੇ ਪਾਇਆ ਸੀ ਸ਼ਗਨ, ਪਰਿਵਾਰ ਨੇ 6 ਮਹੀਨਿਆਂ ਵਿਚ ਕਰਨਾ ਸੀ ਪੁੱਤ ਦਾ ਵਿਆਹ
ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬਾਕਲ ਵਿੱਚ ਜਨਮੇ 26 ਸਾਲਾ ਸਿਮਰਨਜੀਤ ਸਿੰਘ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸਿਮਰਨ ਉਥੇ ਇਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਕੈਲੀਫੋਰਨੀਆ ਜਾਂਦੇ ਸਮੇਂ ਸਿਮਰਨਜੀਤ ਦੇ ਅੱਗੇ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ। ਨਤੀਜੇ ਵਜੋਂ, ਉਸ ਨੇ ਸੜਕ ਦੇ ਕਿਨਾਰੇ ਆਪਣਾ ਰਸਾਇਣਾਂ ਨਾਲ ਭਰਿਆ ਟਰੱਕ ਰੋਕ ਲਿਆ। ਉਸੇ ਸਮੇਂ, ਪਿੱਛੇ ਤੋਂ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰੱਕ ਵਿਚ ਭਿਆਨਕ ਅੱਗ ਲੱਗ ਗਈ ਤੇ ਸਿਮਰਨਜੀਤ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।
ਦੱਸ ਦੇਈਏ ਕਿ ਸਿਮਰਨਜੀਤ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੀ ਉਮੀਦ ਵਿੱਚ 2016 ਵਿਚ ਡੰਕੀ ਲਗਾ ਕੇ ਹਜ਼ਾਰਾਂ ਕਿਲੋਮੀਟਰ ਦੂਰ ਅਮਰੀਕਾ ਗਿਆ ਸੀ। ਖ਼ਤਰਨਾਕ ਰਸਤੇ ਡੰਕੀ ਰਾਹੀਂ ਲਗਭਗ ਛੇ ਮਹੀਨਿਆਂ ਵਿਚ ਵਿਦੇਸ਼ ਪਹੁੰਚਿਆ ਸੀ।
ਕਈ ਦੇਸ਼ਾਂ ਦੀ ਔਖੀ ਯਾਤਰਾ, ਕੈਦ ਅਤੇ ਸੰਘਰਸ਼ ਭਰੀ ਜ਼ਿੰਦਗੀ ਤੋਂ ਬਾਅਦ, ਉਸ ਨੇ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਪਰ ਇੱਕ ਸੜਕ ਹਾਦਸੇ ਨੇ ਉਸ ਦੇ ਸੁਪਨਿਆਂ ਦੇ ਨਾਲ-ਨਾਲ ਉਸ ਦੇ ਪਰਿਵਾਰ ਦੀਆਂ ਉਮੀਦਾਂ ਨੂੰ ਵੀ ਖ਼ਤਮ ਕਰ ਦਿੱਤਾ।
ਜਦੋਂ ਪਰਿਵਾਰ ਨੂੰ ਪੁੱਤ ਦੀ ਮੌਤ ਬਾਰੇ ਪਤਾ ਲੱਗਿਆ, ਤਾਂ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਛੇ ਮਹੀਨਿਆਂ ਵਿੱਚ ਸਿਮਰਨਜੀਤ ਦਾ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਸੀ, ਪਰ ਕੈਲੀਫੋਰਨੀਆ ਵਿੱਚ ਇੱਕ ਟਰੱਕ ਦੀ ਟੱਕਰ ਵਿੱਚ ਉਸ ਦੀ ਸੜ ਕੇ ਮੌਤ ਹੋ ਗਈ। ਮੌਤ ਤੋਂ ਬਾਅਦ ਸਿਮਰਨਜੀਤ ਦੀਆਂ ਸਿਰਫ਼ ਸੜੀਆਂ ਹੋਈਆਂ ਹੱਡੀਆਂ ਹੀ ਮਿਲੀਆਂ।
