ਦਹੇਜ ਦੇ ਮਾਮਲੇ ’ਚ ਲਾਪਰਵਾਹੀ ਵਰਤਣ ਦੇ ਮਾਮਲੇ ’ਚ ਕੀਤੀ ਕਾਰਵਾਈ
ਪੰਚਕੂਲਾ : ਦਹੇਜ ਮਾਮਲੇ ਦੇ ਕੇਸ ’ਚ ਢਿੱਲ 'ਤੇ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਪੰਚਕੂਲਾ ਮਹਿਲਾ ਥਾਣੇ ਦੀ ਪ੍ਰਭਾਰੀ ਰਾਜੇਸ਼ ਕੁਮਾਰੀ ਅਤੇ ਏ.ਐਸ.ਆਈ. ਕਵਿਤਾ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੋਵਾਂ ਅਧਿਕਾਰੀਆਂ ਦਾ ਹੈੱਡਕੁਆਰਟਰ ਭੌਂਡਸੀ ਰੱਖਣ ਦੀ ਸਿਫ਼ਾਰਸ਼ ਕੀਤੀ । ਡੀ.ਸੀ.ਪੀ. ਦੇ ਜਾਂਚ ਕਰਵਾਉਣ ਦੇ ਤਰਕ 'ਤੇ ਕਿਹਾ ਕਿ ਐਸ.ਐਚ.ਓ. ਅਤੇ ਏ.ਐਸ.ਆਈ. ਨੂੰ ਕਾਨੂੰਨ ਦੇ ਗਿਆਨ ਦੀ ਲੋੜ ਹੈ।
ਮੰਤਰੀ ਪੰਵਾਰ ਸੋਮਵਾਰ ਨੂੰ ਸੈਕਟਰ-1 ਸਥਿਤ ਪੀ.ਡਬਲਿਊ.ਡੀ. ਰੈਸਟ ਹਾਊਸ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਸ਼ਿਕਾਇਤਾਂ ਸੁਣ ਰਹੇ ਸਨ। ਇਸ ਦੌਰਾਨ ਸੈਕਟਰ-15 ਦੀ ਰਹਿਣ ਵਾਲੀ ਮਨੀਸ਼ਾ ਕੁਮਾਰੀ ਨੇ ਦੱਸਿਆ ਕਿ ਸਹੁਰੇ ਪਰਿਵਾਰ ਖ਼ਿਲਾਫ਼ ਦਹੇਜ ਦਾ ਮਾਮਲਾ ਦਰਜ ਕਰਵਾਇਆ ਸੀ।ਜਾਂਚ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਸਹੁਰੇ ਦਾ ਨਾਂ ਕੇਸ ਵਿੱਚ ਸ਼ਾਮਲ ਨਹੀਂ ਕੀਤਾ, ਜਦੋਂ ਕਿ ਉਨ੍ਹਾਂ ਨੇ ਛੇ ਲੱਖ ਰੁਪਏ ਲੈਣ ਦੇ ਸਬੂਤ ਵੀ ਮੁਹੱਈਆ ਕਰਵਾਏ ਸਨ । ਇਸ ਦੇ ਬਾਵਜੂਦ ਜਾਂਚ ਅਧਿਕਾਰੀ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਸੁਣਵਾਈ ਦੌਰਾਨ ਮੰਤਰੀ ਨੇ ਦੇਖਿਆ ਕਿ ਸ਼ਿਕਾਇਤ ਦੀ ਨਿਰਪੱਖ ਜਾਂਚ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਮਾਮਲੇ ਦਾ ਇੱਕ ਮੁਲਜ਼ਮ ਪੁਲਿਸ ਮੁਲਾਜ਼ਮ ਹੈ, ਜੋ ਮੌਜੂਦਾ ਸਮੇਂ ਵਿੱਚ ਯਮੁਨਾਨਗਰ CIA ਵਿੱਚ ਤਾਇਨਾਤ ਹੈ। ਮੰਤਰੀ ਨੇ ਇਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਅਤੇ ਤੁਰੰਤ ਥਾਣਾ ਇੰਚਾਰਜ ਰਾਜੇਸ਼ ਕੁਮਾਰੀ ਅਤੇ ਏ.ਐਸ.ਆਈ. ਕਵਿਤਾ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਮੌਜੂਦ ਡੀ.ਸੀ.ਪੀ. ਅਦਿਤੀ ਨੇ ਸੁਝਾਅ ਦਿੱਤਾ ਕਿ ਪਹਿਲਾਂ ਮਾਮਲੇ ਦੀ ਜਾਂਚ ਕਰ ਲਈ ਜਾਵੇ। ਡੀ.ਸੀ.ਪੀ. ਦੇ ਤਰਕ 'ਤੇ ਮੰਤਰੀ ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਨੂੰ ਅੱਜ ਹੀ ਸਸਪੈਂਡ ਕਰਦਾ ਹਾਂ। ਜੇਕਰ ਜਾਂਚ ਵਿੱਚ ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਮਿਲਦੀ ਤਾਂ ਇਨ੍ਹਾਂ ਨੂੰ ਫਿਰ ਬਹਾਲ ਕਰ ਦੇਣਾ, ਪਰ ਅੱਜ ਇਹ ਸਸਪੈਂਡ ਹੋਣਗੀਆਂ।
