ਭਾਰਤ ’ਚ ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ ਸੌਂਪਿਆ ਮੰਗ ਪੱਤਰ
ਨਵੀਂ ਦਿੱਲੀ : ਭਾਰਤ ਸਰਕਾਰ ਦੇ ਪਾਵਰ ਅਤੇ ਅਰਬਨ ਡਿਵੈਲਪਮੈਂਟ ਮੰਤਰੀ ਮਨੋਹਰ ਲਾਲ ਖੱਟੜ ਸਾਬਕਾ ਮੁੱਖ ਮੰਤਰੀ ਹਰਿਆਣਾ ਨਾਲ ਉਨਾਂ ਦੇ ਦਿੱਲੀ ਸਥਿਤ ਨਿਵਾਸ ਵਿਖੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ । ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਅਤੇ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਿੱਚ ਬੇਅਦਬੀ ਕਰਨ ਵਾਲੇ ਦੋਸ਼ੀਆ ਖਿਲਾਫ਼ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਾਗਤ ਜੋਤ ਸਤਿਕਾਰ ਕਾਨੂੰਨ ਬਾਰੇ ਵਿਚਾਰ ਚਰਚਾ ਹੋਈ। ਜਥੇਦਾਰ ਦਾਦੂਵਾਲ ਜੀ ਨੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕੇ ਸਖ਼ਤ ਕਾਨੂੰਨ ਭਾਰਤ ਸਰਕਾਰ ਵੱਲੋਂ ਬਣਨਾ ਚਾਹੀਦਾ ਹੈ ਜੋ ਪੂਰੇ ਦੇਸ਼ ਵਿੱਚ ਲਾਗੂ ਹੋ ਸਕੇ। ਜਥੇਦਾਰ ਦਾਦੂਵਾਲ ਜੀ ਨੇ ਮੰਗ ਪੱਤਰ ਵਿੱਚ ਲਿਖਿਆ ਕੇ ਮਾਣਯੋਗ ਮੰਤਰੀ ਸਾਹਿਬ ਆਪ ਜੀ ਨੂੰ ਪਤਾ ਹੀ ਹੈ ਕੇ ਚਹੁੰ ਵਰਨਾਂ ਨੂੰ ਸਾਂਝਾ ਉਪਦੇਸ਼ ਕਰਨ ਵਾਲੇ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਿੱਚ ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ 2026 ਨੂੰ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਗਿਆ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਅਤੇ ਸਾਜ਼ਿਸ਼ ਕਰਨ ਵਾਲੇ ਨੂੰ ਸਖ਼ਤ ਸਜ਼ਾ ਤੇ ਜੁਰਮਾਨਾ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ ਹੈ।
ਮਾਨਯੋਗ ਰਾਜਪਾਲ ਪੰਜਾਬ ਨੇ ਆਪਣੇ ਦਸਤਖ਼ਤ ਕਰਕੇ ਇਹ ਕਨੂੰਨ ਪਾਸ ਕਰ ਦਿੱਤਾ ਹੈ ਮੈਂ ਇਸ ਦੀ ਸ਼ਲਾਘਾ ਕਰਦਾਂ ਹਾਂ ਜਿਸ ਨਾਲ ਉਮੀਦ ਕੀਤੀ ਜਾ ਸਕਦੀ ਹੈ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਲੋਕਾਂ ਦੇ ਹੌਂਸਲੇ ਪਸਤ ਹੋਣਗੇ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਵੇਗੀ। ਮੈਂ ਸਮੁੱਚੇ ਸਿੱਖ ਪੰਥ ਅਤੇ ਸ਼ਰਧਾਲੂ ਸੰਗਤਾਂ ਵੱਲੋਂ ਆਪ ਜੀ ਨੂੰ ਸਨਿਮਰ ਬੇਨਤੀ ਕਰਨੀ ਚਾਹੁੰਦਾ ਹਾਂ ਕੇ ਇਹ ਕਾਨੂੰਨ ਸਿਰਫ਼ ਪੰਜਾਬ ਸਟੇਟ ਵਿੱਚ ਹੀ ਲਾਗੂ ਹੋਵੇਗਾ ਪਰ ਅਜਿਹੇ ਕਨੂੰਨ ਦੀ ਪੂਰੇ ਦੇਸ਼ ਵਿੱਚ ਜਰੂਰਤ ਹੈ, ਪਿਛਲੇ ਸਮੇਂ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਿੱਖ ਪੰਥ ਨਾਲ ਸਬੰਧਿਤ ਬਹੁਤ ਸਾਰੇ ਚੰਗੇ ਕਾਰਜ਼ ਕੀਤੇ ਹਨ, ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ, ਸਾਹਿਬਜ਼ਾਦਿਆਂ ਦਾ ਦਿਨ ਵੱਡੀ ਪੱਧਰ ਤੇ ਮਨਾਉਣਾ,ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਤਾਬਦੀ 400 ਸਾਲਾ ਪ੍ਰਕਾਸ਼ ਦਿਹਾੜਾ ਅਤੇ 350 ਸਾਲਾ ਸ਼ਹੀਦੀ ਦਿਹਾੜਾ ਲਾਲ ਕਿਲ੍ਹੇ ਤੇ ਮਨਾਉਣਾ ਅਜਿਹੇ ਚੰਗੇ ਕਾਰਜ ਹਨ, ਜਿਸਦੀ ਸਲਾਘਾ ਪੂਰੇ ਸੰਸਾਰ ਵਿੱਚ ਹੋਈ ਹੈ। ਆਪ ਜੀ ਦੇਸ਼ ’ਤੇ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦਾ ਅਹਿਮ ਹਿੱਸਾ ਅਤੇ ਭਾਰਤ ਸਰਕਾਰ ਵਿੱਚ ਮੰਤਰੀ ਹੋ ਅਤੇ ਹਰਿਆਣਾ ਦੇ ਮੁੱਖ ਮੰਤਰੀ ਹੁੰਦਿਆਂ ਵੀ ਆਪ ਜੀ ਨੇ ਸਿੱਖ ਗੁਰੂਆਂ ਦੀਆਂ ਸ਼ਤਾਬਦੀਆਂ ਵੱਡੇ ਪੱਧਰ ਤੇ ਮਨਾਈਆਂ ਸਨ ਇਸ ਲਈ ਮੈਂ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਕੇ ਭਾਰਤ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਅਜਿਹਾ ਸਖ਼ਤ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕਰਵਾਇਆ ਜਾਵੇ ਜੋ ਪੂਰੇ ਦੇਸ਼ ਵਿੱਚ ਲਾਗੂ ਹੋਵੇ। ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਅਤੇ ਕਰਾਉਣ ਵਾਲੇ ਨੂੰ ਸਖ਼ਤ ਜੁਰਮਾਨਾ ਅਤੇ ਸਜ਼ਾ ਦਿੱਤੀ ਜਾ ਸਕੇ। ਇਹ ਵੀ ਬੇਨਤੀ ਹੈ ਕੇ ਹਰੇਕ ਧਰਮ ਦੇ ਗ੍ਰੰਥ ਸਤਿਕਾਰਯੋਗ ਹਨ ਉਨਾਂ ਦੇ ਸਤਿਕਾਰ ਲਈ ਵੀ ਕੇਂਦਰ ਸਰਕਾਰ ਇੱਕ ਵੱਖਰਾ ਕਾਨੂੰਨ ਪਾਸ ਕਰੇ ਤਾਂ ਕੇ ਕੋਈ ਵੀ ਵਿਅਕਤੀ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ । ਅਜਿਹਾ ਸਖ਼ਤ ਕਨੂੰਨ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਹੋਵੇਗਾ ਮੈਨੂੰ ਪੂਰੀ ਆਸ ਹੈ ਕੇ ਆਪ ਜੀ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਅਜਿਹਾ ਯਤਨ ਜਰੂਰ ਕਰੋਗੇ ਆਪ ਜੀ ਦਾ ਧੰਨਵਾਦੀ ਹੋਵਾਂਗਾ।
