ਡਾ. ਜੀ ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਬੰਗਲੁਰੂ: ਕਾਂਗਰਸ ਦੇ ਸੀਨੀਅਰ ਆਗੂ ਡੀ.ਕੇ. ਸ਼ਿਵਕੁਮਾਰ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਸੂਬੇ ਦੀ ਕਮਾਨ ਸੰਭਾਲ ਲਈ ਹੈ। ਦੂਜੇ ਪਾਸੇ ਡਾ. ਜੀ ਪਰਮੇਸ਼ਵਰ ਨੇ ਸੂਬੇ ਦੇ ਉਪ-ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਬੰਗਲੁਰੂ ਸਥਿਤ ਲੋਕ ਭਵਨ ਦੇ ਗਲਾਸ ਹਾਊਸ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਰਾਜਪਾਲ ਥਾਵਰਚੰਦ ਗਹਿਲੋਤ ਨੇ ਦੋਵਾਂ ਆਗੂਆਂ ਨੂੰ ਸਹੁੰ ਚੁਕਾਈ।
ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ ਨਾਲ ਹੀ ਡੀ.ਕੇ. ਸ਼ਿਵਕੁਮਾਰ ਦਾ ਸਾਲਾਂ ਪੁਰਾਣਾ ਸਿਆਸੀ ਸੁਪਨਾ ਪੂਰਾ ਹੋ ਗਿਆ। ਅੱਠ ਵਾਰ ਵਿਧਾਇਕ ਰਹਿ ਚੁੱਕੇ ਸ਼ਿਵਕੁਮਾਰ ਲੰਬੇ ਸਮੇਂ ਤੋਂ ਰਾਜ ਦੀ ਸਰਵਉੱਚ ਕੁਰਸੀ 'ਤੇ ਪਹੁੰਚਣ ਲਈ ਯਤਨਸ਼ੀਲ ਸਨ।
ਕਰਨਾਟਕ ਦੀ ਸਿਆਸਤ ਵਿੱਚ ਸ਼ਿਵਕੁਮਾਰ ਅਤੇ ਸਿੱਧਾਰਮਈਆ ਵਿਚਾਲੇ ਲੀਡਰਸ਼ਿਪ ਨੂੰ ਲੈ ਕੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਇਸ ਅਧਿਆਏ ਦਾ ਅੰਤ ਉਦੋਂ ਹੋਇਆ ਜਦੋਂ ਕਾਂਗਰਸ ਹਾਈਕਮਾਂਡ ਦੇ ਨਿਰਦੇਸ਼ਾਂ 'ਤੇ ਸਿੱਧਾਰਮਈਆ ਨੇ 28 ਮਈ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿੱਧਾਰਮਈਆ ਦੇ ਅਹੁਦਾ ਛੱਡਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦਾ ਰਸਤਾ ਸਾਫ਼ ਹੋ ਗਿਆ ਅਤੇ ਡੀ.ਕੇ. ਸ਼ਿਵਕੁਮਾਰ ਨੂੰ ਰਾਜ ਦੀ ਵਾਗਡੋਰ ਸੌਂਪ ਦਿੱਤੀ ਗਈ।
