ਜ਼ਖ਼ਮੀਆਂ ਦੀ ਦਯਾਨੰਦ ਤੰਗਰਾ ਅਤੇ ਪਤਨੀ ਕੁਸੁਮ ਤੰਗਰਾ ਵਜੋਂ ਹੋਈ ਪਛਾਣ
ਨਵੀਂ ਦਿੱਲੀ : ਦਿੱਲੀ ਦੇ ਕੀਰਤੀ ਨਗਰ 'ਚ ਸਵੇਰ ਦੀ ਸੈਰ ਤੋਂ ਘਰ ਪਰਤ ਰਹੇ ਇੱਕ ਬਜ਼ੁਰਗ ਜੋੜੇ ਨੂੰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਹਵਾ 'ਚ ਉੱਛਲ ਕੇ ਸੜਕ 'ਤੇ ਜਾ ਡਿੱਗੇ । ਹਾਦਸਾ ਆਰੀਆ ਸਮਾਜ ਮੰਦਰ ਨੇੜੇ ਵਾਪਰਿਆ। ਬਜ਼ੁਰਗ ਜੋੜੇ ਦੀ ਪਛਾਣ 79 ਸਾਲਾ ਦਯਾਨੰਦ ਤੰਗਰਾ ਅਤੇ ਉਨ੍ਹਾਂ ਦੀ 71 ਸਾਲਾ ਪਤਨੀ ਕੁਸੁਮ ਤੰਗਰਾ ਵਜੋਂ ਹੋਈ ਹੈ। ਦੋਵੇਂ ਗੰਭੀਰ ਰੂਪ 'ਚ ਜ਼ਖ਼ਮੀ ਹਨ । ਦੂਜੇ ਪਾਸੇ ਕਾਰ ਚਲਾ ਰਹੀ 49 ਸਾਲਾ ਨਵਲੀਨ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਇੱਕ ਘਰੇਲੂ ਔਰਤ ਹੈ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ।
ਇਸ 'ਚ ਦਿਖਿਆ ਕਿ ਨਵਲੀਨ ਹਾਦਸੇ ਤੋਂ ਬਾਅਦ ਕਾਰ ਤੋਂ ਉੱਤਰੀ ਅਤੇ ਜ਼ਖ਼ਮੀ ਦਯਾਨੰਦ ਨੂੰ ਦੇਖਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਈ । ਪੁਲਿਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ ਭਾਰਤੀ ਨਿਆਇ ਸੰਹਿਤਾ ਦੀ ਧਾਰਾ 281 ਤਹਿਤ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਲੋਕਾਂ ਦੀ ਜਾਨ ਜਾਂ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
