ਜਾਂਚ ਏਜੰਸੀਆਂ ’ਤੇ ਵੀ ਚੁੱਕੇ ਸਵਾਲ
ਲਖਨਊ/ਜਲੰਧਰ : ਪੰਜਾਬ ਦੇ ਜਲੰਧਰ ਅਤੇ ਅੰਮ੍ਰਿਤਸਰ ਵਿਚ ਹੋਏ ਦੋਹਰੇ ਧਮਾਕਿਆਂ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਭੂਚਾਲ ਆ ਗਿਆ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਨ੍ਹਾਂ ਘਟਨਾਵਾਂ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ, ‘‘ਜੇਕਰ ਕੋਈ ਧਮਾਕਾ ਹੋਇਆ ਹੈ, ਤਾਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ? ਇਹ ਦੇਸ਼ ਦੇ ਗ੍ਰਹਿ ਮੰਤਰੀ ਹੋਣੇ ਚਾਹੀਦੇ ਹਨ।’’
ਉਨ੍ਹਾਂ ਨੇ ਜਾਂਚ ਏਜੰਸੀਆਂ ’ਤੇ ਸਵਾਲ ਚੁੱਕਦਿਆਂ ਅੱਗੇ ਕਿਹਾ, ‘‘ਤੁਹਾਨੂੰ ਕਦੇ ਵੀ ਧਮਾਕੇ ਬਾਰੇ ਜਾਣਕਾਰੀ ਨਹੀਂ ਮਿਲੇਗੀ ਕਿ ਇਹ ਕਿਵੇਂ ਹੋਇਆ। ਕੀ ਤੁਹਾਨੂੰ ਪੁਲਵਾਮਾ ਜਾਂ ਪਹਿਲਗਾਮ ਬਾਰੇ ਪਤਾ ਲੱਗਿਆ? ਜਦੋਂ ਤੁਸੀਂ ਪੁਲਵਾਮਾ ਅਤੇ ਪਹਿਲਗਾਮ ਬਾਰੇ ਨਹੀਂ ਜਾਣ ਸਕੇ, ਤਾਂ ਤੁਸੀਂ ਪੰਜਾਬ ਦੇ ਧਮਾਕਿਆਂ ਬਾਰੇ ਵੀ ਨਹੀਂ ਜਾਣ ਸਕੋਗੇ।’’
ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਜਲੰਧਰ ਵਿਚ ਬੀ.ਐੱਸ.ਐਫ਼. ਹੈੱਡਕੁਆਰਟਰ ਅਤੇ ਅੰਮ੍ਰਿਤਸਰ ਦੇ ਖਾਸਾ ਨੇੜੇ ਘੱਟ ਤੀਬਰਤਾ ਵਾਲੇ ਧਮਾਕੇ ਹੋਏ ਸਨ।
