ਕਿਹਾ, ‘ਹਟਾ ਦਿੱਤੇ' ਦੱਸੇ ਜਾ ਰਹੇ ਸੂਚਕਾਂ ਦੀ ਨਿਗਰਾਨੀ ਹੋਰ ਸਮਰਪਿਤ ਰਾਸ਼ਟਰੀ ਸਰਵੇਖਣਾਂ ਅਤੇ ਪ੍ਰਸ਼ਾਸਨਿਕ ਡੇਟਾਬੇਸ ਰਾਹੀਂ ਕੀਤੀ ਜਾ ਰਹੀ ਹੈ
ਨਵੀਂ ਦਿੱਲੀ : ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS)-6 ਦੀਆਂ ਤੱਥ ਸ਼ੀਟਾਂ ਵਿੱਚੋਂ ਕੁਝ ਸਿਹਤ ਸੂਚਕਾਂ ਦੇ ਗਾਇਬ ਹੋਣ 'ਤੇ ਚੱਲ ਰਹੀ ਬਹਿਸ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਇੱਕ ਵੱਡਾ ਸਪੱਸ਼ਟੀਕਰਨ ਦਿੱਤਾ ਹੈ। ਸਰਕਾਰੀ ਸੂਤਰਾਂ ਅਨੁਸਾਰ, ਜਿਨ੍ਹਾਂ ਸੂਚਕਾਂ ਨੂੰ ‘ਓਮਿਟਡ’ (ਹਟਾ ਦਿੱਤਾ ਗਿਆ) ਦੱਸਿਆ ਜਾ ਰਿਹਾ ਹੈ, ਉਨ੍ਹਾਂ ਦੀ ਨਿਗਰਾਨੀ ਅਸਲ ਵਿੱਚ ਹੋਰ ਸਮਰਪਿਤ ਰਾਸ਼ਟਰੀ ਸਰਵੇਖਣਾਂ ਅਤੇ ਪ੍ਰਸ਼ਾਸਨਿਕ ਡੇਟਾਬੇਸ ਰਾਹੀਂ ਕੀਤੀ ਜਾ ਰਹੀ ਹੈ।
ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਤੱਥ ਸ਼ੀਟਾਂ ਪ੍ਰਸਾਰ ਦਾ ਸਿਰਫ ਪਹਿਲਾ ਪੜਾਅ ਹਨ, ਜਿਸ ਵਿੱਚ 101 ਮੁੱਖ ਸੂਚਕ ਸ਼ਾਮਲ ਕੀਤੇ ਗਏ ਹਨ। ਅਧਿਕਾਰੀਆਂ ਨੇ ਭਰੋਸਾ ਦਿੰਦਿਆਂ ਕਿਹਾ, ‘‘ਤੱਥ ਸ਼ੀਟਾਂ ਪ੍ਰਸਾਰ ਦਾ ਪਹਿਲਾ ਪੜਾਅ ਹਨ। ਵਿਸਤ੍ਰਿਤ ਰਾਸ਼ਟਰੀ ਰਿਪੋਰਟ ਇੱਕ ਬਹੁਤ ਵਿਆਪਕ ਤਸਵੀਰ ਪ੍ਰਦਾਨ ਕਰੇਗੀ।’’
ਅਧਿਕਾਰੀਆਂ ਨੇ ਕਿਹਾ ਕਿ ਸਵੱਛਤਾ ਅਤੇ ਸਾਫ਼ ਰਸੋਈ ਗੈਸ ਵਰਗੇ ਸੂਚਕਾਂ ’ਤੇ ‘ਸਵੱਛ ਸਰਵੇਖਣ ਗ੍ਰਾਮੀਣ’ ਰਾਹੀਂ ਨਿਗਰਾਨ ਰੱਖੀ ਜਾ ਰਹੀ ਹੈ, ਜਿਸ ਕਾਰਨ ਦੁਹਰਾਅ ਤੋਂ ਬਚਣ ਲਈ ਇਨ੍ਹਾਂ ਨੂੰ ਇੱਥੇ ਸ਼ਾਮਲ ਨਹੀਂ ਕੀਤਾ ਗਿਆ। ਇਸੇ ਤਰ੍ਹਾਂ, ਐਨੀਮੀਆ (ਖੂਨ ਦੀ ਕਮੀ) ਦੇ ਅੰਕੜਿਆਂ ਬਾਰੇ ਬੋਲਦਿਆਂ ਸੂਤਰਾਂ ਨੇ ਦੱਸਿਆ ਕਿ ਇਸ ਵਾਰ ਉਂਗਲ ਤੋਂ ਖੂਨ ਦੇ ਸੈਂਪਲ ਲੈਣ ਦੀ ਪੁਰਾਣੀ ਵਿਧੀ ਦੀ ਬਜਾਏ ਆਈ.ਸੀ.ਐਮ.ਆਰ. ਦੇ ਸਰਵੇਖਣ ਰਾਹੀਂ ‘ਗੋਲਡ-ਸਟੈਂਡਰਡ’ ਵੀਨਸ ਬਲੱਡ ਸੈਂਪਲਿੰਗ ਵਿਧੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਵਧੇਰੇ ਸਹੀ ਅੰਕੜੇ ਸਾਹਮਣੇ ਆ ਸਕਣ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ‘X’ 'ਤੇ ਦੋਸ਼ ਲਾਇਆ ਸੀ ਕਿ ਮੋਦੀ ਸਰਕਾਰ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਨਾਲ ਜੁੜੇ ਅਹਿਮ ਅੰਕੜੇ ਲੁਕਾ ਰਹੀ ਹੈ। ਇਸ ਦੇ ਪਲਟਵਾਰ ਵਿੱਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕਿਹਾ ਕਿ ‘ਅੱਧਾ ਗਿਆਨ ਖ਼ਤਰਨਾਕ ਹੁੰਦਾ ਹੈ’ ਅਤੇ ਇਹ ਅੰਕੜੇ ਦੇਸ਼ ਦੇ ਸਿਹਤ ਢਾਂਚੇ ਵਿੱਚ ਹੋਏ ਸੁਧਾਰਾਂ ਨੂੰ ਦਰਸਾਉਂਦੇ ਹਨ।
