ਪ੍ਰਧਾਨ ਨੂੰ ਸੱਤ ਦਿਨਾਂ ਦਾ ਅਲਟੀਮੇਟਮ ਦਿਤਾ, ਦੀਪਕੇ ਦੇ ਘਰ ਦੀ ਸੁਰੱਖਿਆ ਹੋਰ ਮਜ਼ਬੂਤ ਕੀਤੀ ਗਈ
ਛੱਤਰਪਤੀ ਸੰਭਾਜੀਨਗਰ : ਇਮਤਿਹਾਨਾਂ ਅਤੇ ਭਰਤੀ ਟੈਸਟਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੇ ਖਿਲਾਫ ਦੇਸ਼ ਭਰ ਵਿੱਚ ਵਧਦੇ ਰੋਸ ਵਿਚਕਾਰ ‘ਕਾਕਰੋਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਉਨ੍ਹਾਂ ਦਾ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ।
ਅਮਰੀਕਾ ਤੋਂ ਦਿੱਲੀ ਪਰਤਣ ਮਗਰੋਂ ਆਪਣੇ ਜੱਦੀ ਜ਼ਿਲ੍ਹੇ ਪਹੁੰਚੇ ਦਿਪਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜੰਤਰ-ਮੰਤਰ ਵਿਖੇ ਕੀਤਾ ਗਿਆ ਸਾਡਾ ਪ੍ਰਦਰਸ਼ਨ ਪੂਰੀ ਤਰ੍ਹਾਂ ਸਫਲ ਰਿਹਾ, ਜਿਸ ਵਿੱਚ ਲਗਭਗ 6,000 ਤੋਂ 7,000 ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਅੰਦੋਲਨ ਹੁਣ ਦੇਸ਼ ਵਿਆਪੀ ਰੂਪ ਧਾਰਨ ਕਰੇਗਾ। ਜਦੋਂ ਤੱਕ ਧਰਮਿੰਦਰ ਪ੍ਰਧਾਨ ਅਸਤੀਫ਼ਾ ਨਹੀਂ ਦਿੰਦੇ, ਅਸੀਂ ਪਿੱਛੇ ਨਹੀਂ ਹਟਾਂਗੇ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਸ ਅੰਦੋਲਨ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਲਈ ਇੱਕ ਹੋਰ ਅਗਲੀ ਰਣਨੀਤੀ ਤਿਆਰ ਕਰਾਂਗੇ।’’
ਇਸ ਤੋਂ ਪਹਿਲਾਂ ਦਿਪਕੇ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਜੰਤਰ-ਮੰਤਰ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ। ਪੋਸਟ ’ਚ ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ 7 ਦਿਨਾਂ ਦੇ ਅੰਦਰ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਦਿਪਕੇ ਨੇ ‘X’ ’ਤੇ ਲਿਖਿਆ, ‘‘ਕੱਲ੍ਹ ਸਾਡੇ ਵਿੱਚੋਂ ਹਜ਼ਾਰਾਂ ਲੋਕਾਂ ਨੇ ਇਤਿਹਾਸ ਰਚਿਆ। ਜੰਤਰ-ਮੰਤਰ ਵਿਖੇ ਸਾਡੇ ਸ਼ਾਂਤਮਈ ਪ੍ਰਦਰਸ਼ਨ ਨੇ ਸਰਕਾਰ ਨੂੰ ਇੱਕ ਟ੍ਰੇਲਰ ਦਿਖਾਇਆ ਹੈ ਕਿ ਜਦੋਂ ਅਸੀਂ ਇੱਕਜੁੱਟ ਹੁੰਦੇ ਹਾਂ ਤਾਂ ਕੀ ਕਰ ਸਕਦੇ ਹਾਂ।’’ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ, ‘‘ਜੇਕਰ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਜਾਂ ਉਹ ਅਗਲੇ 7 ਦਿਨਾਂ ਵਿੱਚ ਅਹੁਦਾ ਨਹੀਂ ਛੱਡਦੇ, ਤਾਂ ਅਸੀਂ ਜ਼ਮੀਨ ’ਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਲਈ ਮਜ਼ਬੂਰ ਹੋਵਾਂਗੇ।’’
ਇਸ ਦੌਰਾਨ, ਅਭਿਜੀਤ ਦਿਪਕੇ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਹੋ ਗਿਆ ਹੈ। ਐਮ.ਆਈ.ਡੀ.ਸੀ. ਵਾਲੂਜ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਅਸੀਂ ਅੱਜ ਤੋਂ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸੁਰੱਖਿਆ ਵਧਾ ਦਿੱਤੀ ਹੈ। ਪਹਿਲਾਂ 11 ਸੁਰੱਖਿਆ ਕਰਮੀ ਤਾਇਨਾਤ ਸਨ, ਹੁਣ ਇਹ ਗਿਣਤੀ 15 ਤੱਕ ਪਹੁੰਚ ਗਈ ਹੈ।’’
ਜ਼ਿਕਰਯੋਗ ਹੈ ਕਿ ਨੀਟ, CBSE ਅਤੇ CUET ਵਰਗੇ ਇਮਤਿਹਾਨਾਂ ਵਿੱਚ ਜਵਾਬਦੇਹੀ ਦੀ ਮੰਗ ਕਰ ਰਹੀ CJP ਦੇ ਸੱਦੇ 'ਤੇ ਬੀਤੇ ਦਿਨੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਹਜ਼ਾਰਾਂ ਨੌਜਵਾਨਾਂ ਨੇ ਕਾਕਰੋਚ ਮਾਸਕ ਪਾ ਕੇ ਵਿਲੱਖਣ ਪ੍ਰਦਰਸ਼ਨ ਕੀਤਾ ਸੀ, ਜਿਸ ਨੂੰ ਹੁਣ ਰਾਸ਼ਟਰੀ ਪੱਧਰ 'ਤੇ ਤੇਜ਼ ਕਰਨ ਦੀ ਤਿਆਰੀ ਹੈ। ਇਸ ਪ੍ਰਦਰਸ਼ਨ ਨੂੰ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਵੀ ਆਪਣਾ ਸਮਰਥਨ ਦਿੱਤਾ ਹੈ।
