ਖ਼ਬਰਾਂ |

ਤਾਜ਼ਾ |

ਸੀ.ਆਈ.ਐਸ.ਐਫ. ਨੇ ਮੁੰਬਈ ਹਵਾਈ ਅੱਡੇ 'ਤੇ ਸ਼ੱਕੀ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ 

By : JAGDISH

Published : Oct 8, 2026, 6:40 pm IST
Updated : Oct 8, 2026, 6:40 pm IST
SHARE ARTICLE
CISF foils suspected gold smuggling attempt at Mumbai airport.
CISF foils suspected gold smuggling attempt at Mumbai airport.

1.61 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ

ਮੁੰਬਈ : ਸੁਰੱਖਿਆ ਏਜੰਸੀ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੀ ਇੱਕ ਕਥਿਤ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਲਗਭਗ 1.61 ਕਰੋੜ ਰੁਪਏ ਦੀ ਕੀਮਤ ਦਾ ਲਗਭਗ 1,311 ਗ੍ਰਾਮ ਸ਼ੱਕੀ ਤਸਕਰੀ ਦਾ ਸੋਨਾ ਬਰਾਮਦ ਕੀਤਾ। ਇਹ ਕਾਰਵਾਈ ਸੀ.ਆਈ.ਐਸ.ਐਫ. ਦੀ ਕ੍ਰਾਈਮ ਐਂਡ ਇੰਟੈਲੀਜੈਂਸ ਵਿੰਗ ਵੱਲੋਂ ਚਾਲ-ਚਲਣ ਦੀ ਪਛਾਣ ਅਤੇ ਹਵਾਈ ਅੱਡੇ 'ਤੇ ਕੜੀ ਨਿਗਰਾਨੀ ਦੇ ਆਧਾਰ 'ਤੇ ਕੀਤੀ ਗਈ ਸੀ।

ਸੀ.ਆਈ.ਐਸ.ਐਫ.ਅਨੁਸਾਰ ਇਹ ਘਟਨਾ ਐਤਵਾਰ ਨੂੰ ਸ਼ਾਮ ਕਰੀਬ 4.20 ਵਜੇ ਵਾਪਰੀ ਜਦੋਂ ਉਸ ਦੇ ਕਰਮਚਾਰੀਆਂ ਨੇ ਅੰਤਰਰਾਸ਼ਟਰੀ ਬੋਰਡਿੰਗ ਗੇਟ ਨੇੜੇ ਸਪੋਕਿੰਗ ਜ਼ੋਨ ਦੇ ਕੋਲ ਇੱਕ ਲੋਡਰ (ਸਾਮਾਨ ਚੁੱਕਣ ਵਾਲੇ ਕਰਮਚਾਰੀ) ਨਾਲ ਜੁੜੀ ਸ਼ੱਕੀ ਗਤੀਵਿਧੀ ਦੇਖੀ। ਦੋਸ਼ ਹੈ ਕਿ ਲੋਡਰ ਇੱਕ ਮਹਿਲਾ ਅੰਤਰਰਾਸ਼ਟਰੀ ਟ੍ਰਾਂਜ਼ਿਟ ਯਾਤਰੀ ਤੋਂ ਜੁਰਾਬਾਂ ਦੇ ਅੰਦਰ ਛੁਪਾ ਕੇ ਰੱਖੀ ਗਈ ਇੱਕ ਸ਼ੱਕੀ ਵਸਤੂ ਪ੍ਰਾਪਤ ਕਰ ਰਿਹਾ ਸੀ। ਸੀ.ਆਈ.ਐਸ.ਐਫ. ਅਨੁਸਾਰ, ਯਾਤਰੀ ਦੁਬਈ ਤੋਂ ਮੁੰਬਈ ਹਵਾਈ ਅੱਡੇ 'ਤੇ ਪਹੁੰਚੀ ਸੀ ਅਤੇ ਉਸ ਨੇ ਅੱਗੇ ਬੈਂਕਾਕ ਜਾਣਾ ਸੀ। ਸ਼ੱਕੀ ਗਤੀਵਿਧੀ ਦੇਖ ਕੇ ਸੀ.ਆਈ.ਐਸ.ਐਫ ਕਰਮਚਾਰੀਆਂ ਨੇ ਦਖ਼ਲ ਦਿੱਤਾ ਅਤੇ ਲੋਡਰ ਤੋਂ ਪੁੱਛਗਿੱਛ ਕੀਤੀ। ਜਦੋਂ ਉਸ ਨੇ ਕਥਿਤ ਤੌਰ 'ਤੇ ਤਸੱਲੀਬਖ਼ਸ਼ ਸਪੱਸ਼ਟੀਕਰਨ ਨਹੀਂ ਦਿੱਤਾ, ਤਾਂ ਸੁਰੱਖਿਆ ਕਰਮਚਾਰੀਆਂ ਨੇ ਵਿਸਤ੍ਰਿਤ ਤਲਾਸ਼ੀ ਲਈ। ਤਲਾਸ਼ੀ ਦੌਰਾਨ, ਸੀ.ਆਈ.ਐਸ.ਐਫ ਕਰਮਚਾਰੀਆਂ ਨੇ ਲਗਭਗ 1,311 ਗ੍ਰਾਮ ਸ਼ੱਕੀ ਤਸਕਰੀ ਕੀਤੇ ਸੋਨੇ ਨਾਲ ਭਰੇ ਚਾਰ ਅੰਡਾਕਾਰ ਕੈਪਸੂਲ ਬਰਾਮਦ ਕੀਤੇ।

ਮੁੱਢਲੇ ਮੁਲਾਂਕਣ ਅਨੁਸਾਰ ਬਰਾਮਦ ਸੋਨੇ ਦੀ ਕੀਮਤ ਲਗਭਗ 1,61,38,417 ਰੁਪਏ ਸੀ। ਜ਼ਬਤੀ ਤੋਂ ਬਾਅਦ, ਮਹਿਲਾ ਯਾਤਰੀ, ਲੋਡਰ ਅਤੇ ਬਰਾਮਦ ਕੀਤੇ ਸ਼ੱਕੀ ਤਸਕਰੀ ਦੇ ਸੋਨੇ ਨੂੰ ਅੱਗੇ ਦੀ ਜਾਂਚ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ ਦੇ ਹਵਾਲੇ ਕਰ ਦਿੱਤਾ ਗਿਆ।
ਕਸਟਮ ਅਧਿਕਾਰੀਆਂ ਤੋਂ ਸੋਨੇ ਦੇ ਸਰੋਤ ਅਤੇ ਨਿਰਧਾਰਿਤ ਮੰਜ਼ਿਲ, ਇਸ ਨੂੰ ਛੁਪਾਉਣ ਨਾਲ ਸੰਬੰਧਿਤ ਪਰਿਸਥਿਤੀਆਂ ਅਤੇ ਇਸ ਮਾਮਲੇ 'ਚ ਫੜੇ ਗਏ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰਨ ਦੀ ਉਮੀਦ ਹੈ।

ਇਹ ਘਟਨਾ ਹਵਾਈ ਅੱਡਿਆਂ 'ਤੇ ਸ਼ੱਕੀ ਗਤੀਵਿਧੀਆਂ ਦੀ ਪਛਾਣ ਕਰਨ ਵਿੱਚ ਚਾਲ-ਚਲਣ ਦੀ ਪਛਾਣ ਅਤੇ ਇੰਟੈਲੀਜੈਂਸ 'ਤੇ ਆਧਾਰਿਤ ਨਿਗਰਾਨੀ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਪਾਬੰਦੀਸ਼ੁਦਾ ਜਾਂ ਅਣ-ਐਲਾਨੀਆਂ ਵਸਤੂਆਂ ਨੂੰ ਅਸਧਾਰਨ ਤਰੀਕਿਆਂ ਨਾਲ ਛੁਪਾਇਆ ਜਾਂਦਾ ਹੈ। ਮੁੰਬਈ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਯਾਤਰੀ ਆਵਾਜਾਈ ਅਤੇ ਪੱਛਮੀ ਏਸ਼ੀਆ ਤੇ ਦੱਖਣ-ਪੂਰਬੀ ਏਸ਼ੀਆ ਦੇ ਮੁੱਖ ਮੰਜ਼ਿਲਾਂ ਨਾਲ ਇਸ ਦੀ ਕਨੈਕਟੀਵਿਟੀ ਦੇ ਕਾਰਨ ਅਕਸਰ ਸਖਤ ਨਿਗਰਾਨੀ ਰੱਖੀ ਜਾਂਦੀ ਹੈ। ਕਸਟਮ ਅਤੇ ਹਵਾਈ ਅੱਡਾ ਸੁਰੱਖਿਆ ਏਜੰਸੀਆਂ ਅੰਤਰਰਾਸ਼ਟਰੀ ਰੂਟਾਂ ਤੋਂ ਸੋਨੇ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਦਾ ਪਤਾ ਲਗਾਉਣ ਲਈ ਨਿਯਮਤ ਤੌਰ 'ਤੇ ਜਾਂਚ ਕਰਦੀਆਂ ਹਨ।

ਸੀ.ਆਈ.ਐਸ.ਐਫ ਨੇ ਕਿਹਾ ਕਿ ਉਸ ਦੇ ਕਰਮਚਾਰੀ ਚੌਕਸੀ, ਪੇਸ਼ੇਵਰ ਜਾਂਚ ਅਤੇ ਸਹਿਯੋਗੀ ਏਜੰਸੀਆਂ ਦੇ ਤਾਲਮੇਲ ਰਾਹੀਂ ਭਾਰਤ ਦੇ ਹਵਾਨੀ ਕੇਂਦਰਾਂ 'ਤੇ ਸੁਰੱਖਿਆ ਬਣਾਏ ਰੱਖਣ ਲਈ ਵਚਨਬੱਧ ਹਨ। ਕਥਿਤ ਤਸਕਰੀ ਦੀ ਕੋਸ਼ਿਸ਼ ਦੇ ਪਿੱਛੇ ਦੀ ਪੂਰੀ ਕੜੀ ਦਾ ਪਤਾ ਲਗਾਉਣ ਅਤੇ ਇਹ ਨਿਰਧਾਰਿਤ ਕਰਨ ਲਈ ਕਿ ਕੀ ਇਸ ਵਿੱਚ ਹੋਰ ਲੋਕ ਵੀ ਸ਼ਾਮਲ ਸਨ, ਕਸਟਮ ਵਿਭਾਗ ਵੱਲੋਂ ਜਾਂਚ ਜਾਰੀ ਹੈ।
 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement